MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਆਂਗਣਵਾੜੀ ਯੂਨੀਅਨ ਦੀਆਂ ਆਗੂਆਂ ਨੂੰ ਖੁਸ ਕਰਨ ਲਈ ਮੰਤਰੀ ਅਰੁਣਾ ਚੌਧਰੀ ਨੇ ਖੁਵਾਇਆ ਦੁਪਿਹਰ ਦਾ ਖਾਣਾ

ਆਂਗਣਵਾੜੀ ਵਰਕਰਾਂ ਨੇ ਨਹੀਂ ਕਬੂਲਿਆ ਪ੍ਰਭਾਵ-ਕਿਹਾ ਅਸੀਂ ਨਹੀਂ ਹਾਂ ਖੁਸ਼

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 27 ਅਗਸਤ (ਸੁਰਿੰਦਰ ਸਿੰਘ ਚੱਠਾ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਮੈਡਮ ਅਰੁਣਾ ਚੌਧਰੀ ਵੱਲੋਂ ਅੱਜ ਆਂਗਣਵਾੜੀ ਯੂਨੀਅਨ ਦੀਆਂ ਆਗੂਆਂ ਨੂੰ ਖੁਸ ਕਰਨ ਲਈ ਪੰਜਾਬ ਭਵਨ ਚੰਡੀਗੜ੍ਹ ਵਿਖੇ ਬੁਲਾ ਕੇ ਉਹਨਾਂ ਨੂੰ ਖੁਸ ਕਰਨ ਲਈ ਦੁਪਹਿਰ ਦਾ ਖਾਣਾ ਖੁਆਇਆ ਗਿਆ ਪਰ ਫੇਰ ਵੀ ਮੰਤਰੀ ਆਪਣੀ ਗੱਲ ਪੁਗਾਉਣ ਲਈ ਕਾਮਯਾਬ ਨਹੀਂ ਹੋ ਸਕੇ । ਕਿਉਂਕਿ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀਆਂ ਆਗੂਆਂ ਮੰਤਰੀ ਦੀ ਕਾਰਗੁਜਾਰੀ ਤੇ ਅਜੇ ਖੁਸ ਨਹੀਂ ਹਨ ਤੇ ਨਰਾਜ ਚੱਲ ਰਹੀਆਂ ਹਨ । ਵਰਨਣਯੋਗ ਹੈ ਕਿ ਮੰਤਰੀ ਵੱਲੋਂ ਆਗੂਆਂ ਨੂੰ ਲਿਖਤੀ ਤੌਰ ਤੇ ਇਸ ਮੀਟਿੰਗ ਵਿੱਚ ਸਾਮਲ ਹੋਣ ਲਈ ਸੱਦਾ ਪੱਤਰ ਭੇਜਿਆ ਗਿਆ ਸੀ ਅਤੇ ਨਾਲ ਹੀ ਇਹ ਵੀ ਲਿਖਿਆ ਗਿਆ ਸੀ ਕਿ ਮੀਟਿੰਗ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਬਾਰੇ ਕੋਈ ਗੱਲਬਾਤ ਨਹੀਂ ਹੋਵੇਗਾ ਤੇ ਸਿਰਫ ਮਹਿਕਮੇ ਦੀਆਂ ਸਕੀਮਾਂ ਦੱਸਣੀਆਂ ਹਨ । ਭਰੋਸੇਯੋਗ ਸੂਤਰਾਂ ਅਨੁਸਾਰ ਮੰਤਰੀ ਅਰੁਣਾ ਚੌਧਰੀ ਅਸਲ ਵਿੱਚ ਯੂਨੀਅਨ ਦੀਆਂ ਆਗੂਆਂ ਕੋਲੋਂ ਉਸ ਮਤੇ ਤੇ ਦਸਤਖਤ ਕਰਵਾਉਣਾ ਚਾਹੁੰਦੇ ਸਨ ਕਿ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਜੋ ਕ੍ਰਮਵਾਰ 600 ਤੇ 300 ਰੁਪਏ ਦਾ ਵਾਧਾ ਕੀਤਾ ਹੈ, ਉਸ ਦਾ ਧੰਨਵਾਦ ਕੀਤਾ ਜਾਵੇ । ਪਰ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ , ਸੂਬਾ ਦਫਤਰ ਸਕੱਤਰ ਛਿੰਦਰਪਾਲ ਕੌਰ ਥਾਂਦੇਵਾਲਾ , ਸਤਵੰਤ ਕੌਰ ਭੋਗਪੁਰ ਤੇ ਗੁਰਅੰਮ੍ਰਿਤ ਕੌਰ ਸਿੱਧਵਾਂ ਬੇਟ ਜੋ ਮੰਤਰੀ ਦੀ ਮੀਟਿੰਗ ਵਿੱਚ ਹਾਜਰ ਸਨ ਨੇ ਕਿਹਾ ਕਿ ਇਹਦੇ ਵਿੱਚ ਮਾਣ ਭੱਤੇ ਵਿੱਚ ਵਾਧਾ ਕਰਨ ਵਾਲੀ ਕਿਹੜੀ ਗੱਲ ਹੈ । ਇਹ ਪੈਸੇ ਤਾਂ ਅਕਤੂਬਰ 2018 ਵਿੱਚ ਕੇਂਦਰ ਸਰਕਾਰ ਨੇ ਵਧਾਏ ਸਨ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਇਹ ਪੈਸੇ ਵਰਕਰਾਂ ਤੇ ਹੈਲਪਰਾਂ ਦੇ ਨੱਪੀ ਬੈਠੀ ਸੀ । ਉਹਨਾਂ ਕਿਹਾ ਕਿ ਉਹ ਤਾਂ ਹਰਿਆਣਾ ਪੈਟਰਨ ਮੰਗਦੀਆਂ ਹਨ ਪਰ ਪੰਜਾਬ ਸਰਕਾਰ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ , ਜੋ ਸਾਨੂੰ ਮਨਜੂਰ ਨਹੀਂ । ਹਰਿਆਣੇ ਵਿੱਚ ਵਰਕਰਾਂ ਨੂੰ ਲਗਭਗ 12 ਹਜਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਮਿਲ ਰਿਹਾ ਹੈ । ਉਹਨਾਂ ਸਪਸਟ ਕੀਤਾ ਕਿ ਸਾਡੀ ਜਥੇਬੰਦੀ ਦਾ ਸੰਘਰਸ ਜਾਰੀ ਰਹੇਗਾ ਤੇ ਸਰਕਾਰ ਨਾਲ ਕੋਈ ਸਮਝੌਤਾ ਨਹੀਂ ।