MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਚੀਮਾ ਨੇ ਕਿਸਾਨਾਂ ਦੇ ਮੁੱਦਿਆਂ ’ਤੇ ਨਵਜੋਤ ਸਿੱਧੂ ’ਤੇ ਲਿਖੇ ਗਏ ਪੱਤਰ ਨੂੰ ਨਿਊਜ਼ ਸਟੰਟ ਕਰਾਰ ਦਿੱਤਾ

ਚੰਡੀਗੜ੍ਹ 13 ਸਤੰਬਰ   (ਮਪ) ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅਤੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਮੁੱਦਿਆਂ ’ਤੇ ਲਿਖੇ ਗਏ ਪੱਤਰ ਨੂੰ ਨਿਊਜ਼ ਸਟੰਟ ਕਰਾਰ ਦਿੱਤਾ। ਚੀਮਾ ਨੇ ਕਿਹਾ ਕਿ ਕਾਂਗਰਸ ਨੇਤਾ, ਵਿਸ਼ੇਸ਼ ਰੂਪ ਤੋਂ ਨਵਜੋਤ ਸਿੰਘ ਸਿੱਧੂ ਵਿਰੋਧੀ ਧਿਰ ਦੀ ਤਰ੍ਹਾਂ ਵਿਵਹਾਰ ਕਰ ਰਹੇ ਹੋਣ। ਸੋਮਵਾਰ ਨੂੰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਨਵਜੋਤ ਸਿੱਧੂ ਨੂੰ ਹੁਣ ਚਿੱਠੀ-ਚਿੱਠੀ ਦੀ ਖੇਡ ਬੰਦ ਕਰਨੀ ਚਾਹੀਦੀ ਹੈ ਅਤੇ ਪੰਜਾਬ ਦੇ ਮੁੱਦਿਆਂ ਨੂੰ ਆਪਣੀ ਸਰਕਾਰ ਕੋਲੋਂ ਗੰਭੀਰਤਾ ਨਾਲ ਹੱਲ ਕਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੂਬਾ ਪ੍ਰਧਾਨ ਨੂੰ ਖੇਤੀ ਖੇਤਰ ਵਿੱਚ ਸੁਧਾਰਾਂ, ਫ਼ਸਲੀ ਚੱਕਰ ਤੋਂ ਕਿਸਾਨਾਂ ਨੂੰ ਬਾਹਰ ਲਿਆਉਣ ਸਮੇਤ ਸਾਰੇ ਮਸਲੇ ਚੋਣਾ ਨੇੜੇ ਆਉਣ ’ਤੇ ਹੀ ਚੇਤੇ ਆਏ ਹਨ। ਚੀਮਾ ਨੇ ਸਵਾਲ ਪੁੱਛਿਆ ਕਿ ਜੇ ਨਵਜੋਤ ਸਿੰਘ ਸਿੱਧੂ ਕਿਸਾਨ ਆਗੂਆਂ ਨਾਲ ਕੀਤੀ ਬੈਠਕ ਵਿਚ ਸੱਤਾਧਾਰੀ ਕਾਂਗਰਸ ਵਲੋਂ ਕੋਈ ਠੋਸ ਵਾਅਦਾ ਜਾਂ ਨੀਤੀ ਨਿਰਧਾਰਣ ਹੀ ਨਹੀਂ ਕਰ ਸਕਦੇ ਸਨ ਤਾਂ ਉਥੇ ਕੀ ਕਰਨ ਗਏ ਸਨ?’ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਬੈਠਕ ਦੌਰਾਨ ਕਿਸਾਨਾਂ ਦੀਆਂ ਗੱਲਾਂ ਸੁਣ ਕੇ ਮੌਕੇ ’ਤੇ ਹੀ ਪਾਰਟੀ ਦੇ ਸਮਰਥਨ ਦੇਣ ਦਾ ਫ਼ੈਸਲਾ ਕਰ ਸਕਦੇ ਹਨ ਤਾਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਅਜਿਹਾ ਕਿਉਂ ਨਹੀਂ ਕਰ ਸਕਦੇ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤ ਆਲੋਚਨਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਕੋਈ ਵਾਅਦਾ ਪੂਰਾ ਨਹੀਂ ਕੀਤਾ, ਨਤੀਜੇ ਵਜੋਂ ਕਿਸਾਨਾਂ ਨੂੰ ਆਪਣੀਆਂ ਮੰਗਾਂ ਮਨਾਉਣ ਲਈ ਪੰਜਾਬ ਸਰਕਾਰ ਵਿਰੁੱਧ ਵੀ ਕੇਂਦਰ ਸਰਕਾਰ ਵਰਗਾ ਸੰਘਰਸ਼ ਹੀ ਕਰਨਾ ਪਿਆ ਹੈ। ਫਿਰ ਚਾਹੇ ਗੰਨੇ ਦੇ ਮੁੱਲ ਦਾ ਮਾਮਲਾ ਹੋਵੇ ਜਾਂ ਮੰਡੀਆਂ ’ਚੋਂ ਫ਼ਸਲਾਂ ਦੀ ਖ਼ਰੀਦ ਦਾ ਮਾਮਲਾ ਹੋਵੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਖ਼ਬਰਾਂ ਰਾਹੀਂ ਮਸ਼ਹੂਰੀ ਤਾਂ ਜ਼ਰੂਰ ਪ੍ਰਾਪਤ ਕਰ ਲੈਂਦੇ ਹਨ ਪਰ ਕਿਸਾਨਾਂ ਮਸਲੇ ਦਾ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਚੀਮਾ ਨੇ ਸਿੱਧੂ ਨੂੰ ਨਸੀਅਤ ਦਿੱਤੀ ਕਿ ਉਹ ਡਰਾਮੇਬਾਜ਼ੀ ਛੱਡ ਕੇ ਸੱਤਾਧਾਰੀ ਧਿਰ ਦੇ ਆਗੂ ਵਾਲੀ ਜ਼ਿੰਮੇਵਾਰੀ ਨਿਭਾਉਣ, ਨਹੀਂ ਤਾਂ ਪੰਜਾਬ ਦੀ ਜਨਤਾ ਨੇ ਕਦੇ ਵੀ ਮੁਆਫ਼ ਨਹੀਂ ਕਰਨਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਦਾ ਵਿਸ਼ਵਾਸ਼ ਖੋ ਚੁੱਕੇ ਹਨ ਅਤੇ ਕਾਂਗਰਸ ਪਾਰਟੀ ਦੇ ਅੰਦਰ ਕੈਪਟਨ ਦੇ ਖ਼ਿਲਾਫ਼ ਬਗਾਵਤੀ ਮਸ਼ਕਾਂ ਹੋ ਰਹੀਆਂ ਹਨ। ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਅਤੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਸਮੇਤ ਮਾਝੇ ਦੇ ਨੌਜਵਾਨ ਵਿਧਾਇਕ ਵੀ ਮੁੱਖ ਮੰਤਰੀ ਦੀ ਕਾਰਜਸ਼ੈਲੀ ਦਾ ਵਿਰੋਧ ਕਰ ਰਹੇ ਹਨ। ਇਸ ਲਈ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।