MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਉੱਤਰ ਪ੍ਰਦੇਸ਼ ATS ਵੱਲੋਂ ਗ੍ਰਿਫ਼ਤਾਰ ਕੀਤੇ ਗਏ ਛੇ ਅੱਤਵਾਦੀ, ਮੁੜ ਸੰਸਦ 'ਤੇ ਹਮਲਾ ਕਰਨ ਦੀ ਸੀ ਸਾਜ਼ਿਸ਼

ਨਵੀਂ ਦਿੱਲੀ 16 ਸਤੰਬਰ (ਮਪ) ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਤੇ ਉੱਤਰ ਪ੍ਰਦੇਸ਼ ਏਟੀਐੱਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਛੇ ਅੱਤਵਾਦੀਆਂ ਤੋਂ ਪੁੱਛਗਿੱਛ ’ਚ ਖ਼ਤਰਨਾਕ ਜਾਣਕਾਰੀ ਸਾਹਮਣੇ ਆਈ ਹੈ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਤੇ ਅੰਡਰਵਰਲਡ ਨਾਲ ਜੁੜੇ ਇਹ ਅੱਤਵਾਦੀ ਖ਼ਤਰਨਾਕ ਮਿਸ਼ਨ ’ਤੇ ਸਨ। ਦੇਸ਼ ’ਚ ਇਕ ਵਾਰ ਮੁੜ ਸੰਸਦ ’ਤੇ ਹਮਲੇ ਵਰਗੀ ਸਾਜ਼ਿਸ਼ ਰਚੀ ਜਾ ਰਹੀ ਸੀ ਤਾਂ ਜੋ ਵਿਵਸਥਾ ਦੀ ਜੜ੍ਹ ਨੂੰ ਕਮਜ਼ੋਰ ਕੀਤਾ ਜਾ ਸਕੇ। ਇਸ ਲਈ ਇਨ੍ਹਾਂ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਨਾਲ ਜਹਾਦੀ ਬਣਾਇਆ ਗਿਆ। ਫੜੇ ਗਏ ਓਸਾਮਾ ਤੇ ਜੀਸ਼ਾਨ ਨੂੰ ਉਸੇ ਕੈਂਪ ’ਚ ਸਿਖਲਾਈ ਦਿੱਤੀ ਗਈ, ਜਿੱਥੇ ਮੁੰਬਈ ਹਮਲੇ ਦੇ ਅੱਤਵਾਦੀ ਅਜਮਲ ਕਸਾਬ ਨੂੰ ਤਿਆਰ ਕੀਤਾ ਗਿਆ ਸੀ। ਖ਼ੁਫ਼ੀਆ ਏਜੰਸੀਆਂ ਮੁਤਾਬਕ ਪਾਕਿਸਤਾਨ ਦੇ ਥੱਟਾ ਇਲਾਕੇ ’ਚ ਬਣੇ ਕੈਂਪ ’ਚ ਅੱਤਵਾਦੀਆਂ ਨੂੰ ਸਿਖਲਾਈ ਦੇਣ ਦਾ ਕੰਮ ਪਾਕਿਸਤਾਨੀ ਫ਼ੌਜ ਤੇ ਆਈਐੱਸਆਈ ਲੰਬੇ ਸਮੇਂ ਤੋਂ ਕਰ ਰਹੀ ਹੈ। ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਵਰਗੀਆਂ ਜਮਾਤਾਂ ਦੇ ਅੱਤਵਾਦੀਆਂ ਨੂੰ ਉੱਥੇ ਸਿਖਲਾਈ ਦਿੱਤੀ ਜਾਂਦੀ ਹੈ। ਗ਼ਾਜ਼ੀ ਨਾਂ ਦੇ ਮੇਜਰ ਜਨਰਲ ਦੀ ਦੇਖਰੇਖ ’ਚ ਜੀਸ਼ਾਨ ਤੇ ਓਸਾਮਾ ਨੂੰ ਸਿਖਲਾਈ ਦਿੱਤੀ ਗਈ। ਦੋਵਾਂ ਨੂੰ ਲੈ ਕੇ ਸਾਦੇ ਕੱਪੜਿਆਂ ’ਚ ਆਰਮੀ ਦਾ ਅਫਸਰ ਕੈਂਪ ’ਚ ਗਿਆ ਸੀ। ਉਸ ਨੂੰ ਸਿਖਲਾਈ ਦੇਣ ਵਾਲਿਆਂ ਨੇ ਸਲਾਮੀ ਦਿੱਤੀ ਸੀ। ਇਕ ਅਧਿਕਾਰੀ ਮੁਤਾਬਕ ਦੋਵਾਂ ਅੱਤਵਾਦੀਆਂ ਨੇ ਪੁੱਛਗਿੱਛ ’ਚ ਦੱਸਿਆ ਕਿ ਪੈਸੇ ਲਈ ਨਹੀਂ, ਬਲਕਿ ਜਹਾਦ ਲਈ ਸਿਖਲਾਈ ਲੈਣ ਪਾਕਿਸਤਾਨ ਗਏ ਸਨ। ਅਧਿਕਾਰੀਆਂ ਮੁਤਾਬਕ ਇਸ ਮਾਡਿਊਲ ’ਚ ਕਈ ਹੋਰ ਅੱਤਵਾਦੀ ਹਨ। ਇਨ੍ਹਾਂ ਕੋਲ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦੇ ਭਰਾ ਅਨੀਸ ਇਬਰਾਹੀਮ ਜ਼ਰੀਏ ਆਈਐੱਸਆਈ ਹਥਿਆਰ ਤੇ ਵਿਸਫੋਟਕ ਪਹੁੰਚਾ ਰਹੀ ਸੀ। ਅਗਸਤ ਮਹੀਨੇ ’ਚ ਪਾਕਿਸਤਾਨੀ ਡ੍ਰੋਨ ਰਾਹੀਂ 100 ਪਿਸਤੌਲਾਂ, ਵੱਡੀ ਗਿਣਤੀ ’ਚ ਟਿਫਨ ਬੰਬ, ਹੈਂਡ ਗ੍ਰਨੇਡ, ਆਰਡੀਐਕਸ ਤੇ ਹੋਰ ਵਿਸਫੋਟਕ ਸਮੱਗਰੀ ਇਸੇ ਮਾਡਿਊਲ ਲਈ ਸੁੱਟੀ ਗਈ ਸੀ। ਇਨ੍ਹਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਸੁਰੱਖਿਆ ਏਜੰਸੀਆਂ ਨੇ ਉਸਨੂੰ ਜ਼ਬਤ ਕਰ ਲਿਆ ਸੀ। ਸਪੈਸ਼ਲ ਸੈੱਲ ਦਾ ਕਹਿਣਾ ਹੈ ਕਿ ਦੁਬਈ, ਓਮਾਨ ਤੇ ਮਸਕਟ ਵਰਗੀਆਂ ਥਾਵਾਂ ’ਤੇ ਲੋਕ ਆਮ ਤੌਰ ’ਤੇ ਪੈਸਾ ਕਮਾਉਣ ਦੇ ਮਕਸਦ ਨਾਲ ਜਾਂਦੇ ਹਨ, ਪਰ ਇਸ ਨਵੇਂ ਰੂਟ ਦੀ ਵਰਤੋਂ ਅੱਤਵਾਦੀ ਸਰਗਰਮੀਆਂ ਲਈ ਹੋਣ ਦੀ ਜਾਣਕਾਰੀ ਨਾਲ ਸੁਰੱਖਿਆ ਏਜੰਸੀਆਂ ਪਰੇਸ਼ਾਨੀ ’ਚ ਆ ਗਈਆਂ ਹਨ। ਓਸਾਮਾ ਉਰਫ ਸਮੀ ਤੇ ਜੀਸ਼ਾਨ ਨੂੰ ਪਾਕਿਸਤਾਨ ’ਚ ਸਿਖਲਾਈ ਦਿਵਾਉਣ ਲਈ ਇਹੀ ਰੂਟ ਲਿਆ ਗਿਆ। ਸਾਰੇ ਛੇ ਅੱਤਵਾਦੀਆਂ ਨੂੰ ਬੁੱਧਵਾਰ ਨੂੰ ਪਟਿਆਲਾ ਹਾਊਸ ਕੋਰਟ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਲਈ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਸਪੈਸ਼ਲ ਸੈੱਲ ਮੁਤਾਬਕ ਜੌਨ ਮੁਹੰਮਦ ਸ਼ੇਖ 20 ਸਾਲ ਪਹਿਲਾਂ ਅੰਡਰਵਰਲਡ ਨਾਲ ਜੁਡ਼ਿਆ ਸੀ। ਉਸ ਦੀ ਅਨੀਸ ਇਬਰਾਹੀਮ ਨਾਲ ਸਿੱਧੀ ਗੁੱਲ ਹੁੰਦੀ ਸੀ। ਸੂਤਰਾਂ ਮੁਤਾਬਕ ਆਈਐੱਸਆਈ ਤੇ ਅਨੀਸ ਇਬਰਾਹੀਮ ਨੇ ਇਸ ਮਾਡਿਊਲ ਨੂੰ ਦੋ ਗਰੁੱਪਾਂ ’ਚ ਵੰਡਿਆ ਸੀ। ਪਹਿਲਾ ਗਰੁੱਪ ਰਾਏਬਰੇਲੀ ਦੇ ਮੂਲਚੰਦ ਤੇ ਮੁੰਬਈ ਦੇ ਜੌਨ ਮੁਹੰਮਦ ਦਾ ਸੀ, ਜਿਹਡ਼ਾ ਸਿੱਧਾ ਅੰਡਰਵਰਲਡ ਨਾਲ ਜੁਡ਼ਿਆ ਸੀ। ਦੋਵਾਂ ਦਾ ਕੰਮ ਫੰਡ ਇਕੱਠਾ ਕਰਨ ਤੋਂ ਲੈ ਕੇ ਹਥਿਆਰ ਮੁਹੱਈਆ ਕਰਵਾਉਣਾ ਸੀ। ਦੂਜਾ ਗਰੁੱਪ ਦਿੱਲੀ ਦੇ ਜਾਮੀਆ ਨਗਰ ਦੇ ਓਸਾਮਾ ਤੇ ਪ੍ਰਯਾਗਰਾਜ ਦੇ ਜੀਸ਼ਾਨ ਦਾ ਸੀ, ਜਿਨ੍ਹਾਂ ਦਾ ਕੰਮ ਰੇਕੀ ਕਰਨਾ ਸੀ।