MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਹਿੰਦ ਪ੍ਰਸ਼ਾਂਤ ਖੇਤਰ ਵਿਚ ਚੀਨ ਖ਼ਿਲਾਫ਼ ਤਿੰਨ ਪ੍ਰਮੁੱਖ ਦੇਸ਼ਾਂ ਨੇ ਕੀਤਾ ਗਠਜੋੜ, ਆਸਟ੍ਰੇਲੀਆ ਨੂੰ ਪਰਮਾਣੂ ਪਣਡੁੱਬੀ ਦੇਵੇਗਾ ਅਮਰੀਕਾ

ਵਾਸ਼ਿੰਗਟਨ, 16 ਸਤੰਬਰ (ਮਪ) ਹਿੰਦ ਪ੍ਰਸ਼ਾਂਤ ਖੇਤਰ 'ਚ ਨਵੀਂ ਚੁਣੌਤੀਆਂ ਦਾ ਮੁਕਾਬਲਾ ਕਰਨ ਤੇ ਚੀਨ ਖ਼ਿਲਾਫ਼ ਮਜ਼ਬੂਤੀ ਨਾਲ ਖੜ੍ਹਾ ਹੋਣ ਲਈ ਅਮਰੀਕਾ, ਬਰਤਾਨੀਆ ਤੇ ਆਸਟ੍ਰੇਲੀਆ ਨੇ ਇਕ ਨਵੇਂ ਤਿੰਨ ਪੱਖੀ ਗਠਜੋੜ ਦਾ ਐਲਾਨ ਕੀਤਾ ਹੈ। ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੂੰ ਪਰਮਾਣੂ ਪਣਡੁੱਬੀ ਨਾਲ ਲੈਸ ਕੀਤਾ ਜਾਵੇਗਾ। ਤਿੰਨੋਂ ਹੀ ਦੇਸ਼ ਉੱਨਤ ਸਟ੍ਰੈਟੇਜਿਕ ਤਕਨੀਕ ਇਕ ਦੂਜੇ ਨਾਲ ਸਾਂਝਾ ਕਰਨਗੇ। ਸੁਰੱਖਿਆ ਲਈ ਸ਼ੁਰੂ ਕੀਤੀ ਗਈ ਨਵੀਂ ਪਹਿਲ ਦੇ ਸਬੰਧ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਇਹ ਕਦਮ ਹਿੰਦ-ਪ੍ਰਸ਼ਾਂਤ ਖੇਤਰ 'ਚ ਸਥਿਰਤਾ ਲਿਆਉਣ 'ਚ ਮਦਦ ਕਰੇਗਾ ਤੇ ਉਨ੍ਹਾਂ ਦੇ ਹਿੱਤਾਂ ਤੇ ਸਾਂਝੀਆਂ ਕਦਰਾਂ ਕੀਮਤਾਂ ਨੂੰ ਇਸ ਨਾਲ ਮਜ਼ਬੂਤੀ ਮਿਲੇਗੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਏਯੂਕੇਯੂਐੱਸ (ਆਸਟ੍ਰੇਲੀਆ, ਬਰਤਾਨੀਆ, ਅਮਰੀਕਾ) ਦੇ ਨਾਂ ਨਾਲ ਬਣਾਇਆ ਗਿਆ ਇਹ ਸੰਗਠਨ ਇਤਿਹਾਸਕ ਕਦਮ ਹੈ। ਤਿੰਨੋਂ ਹੀ ਦੇਸ਼ ਖੇਤਰ 'ਚ ਸਥਿਰਤਾ ਲਿਆਉਣ ਲਈ ਸਾਈਬਰ-ਕਵਾਂਟਮ ਟੈਕਨਾਲੋਜੀ ਦੇ ਨਾਲ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਆਪਸ 'ਚ ਸਾਂਝੀ ਕਰਨਗੇ।
ਇਸ ਸੰਗਠਨ ਦੀ ਇਕ ਵੱਡੀ ਪਹਿਲ ਤਹਿਤ ਆਸਟ੍ਰੇਲੀਆ ਨੂੰ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦਾ ਬੇੜਾ ਉਪਲਬਧ ਕਰਾਇਆ ਜਾਵੇਗਾ। 18 ਮਹੀਨਿਆਂ 'ਚ ਤਿੰਨੋਂ ਦੇਸ਼ਾਂ ਦੇ ਤਕਨੀਕੀ ਤੇ ਜਲ ਸੈਨਿਕ ਮਾਹਿਰ ਆਸਟ੍ਰੇਲੀਆ ਦੀ ਤਾਕਤ ਵਧਾਉਣ ਲਈ ਕੰਮ ਕਰਨਗੇ। ਇਸ ਸਮਝੌਤੇ 'ਚ ਸਭ ਤੋਂ ਜ਼ਿਆਦਾ ਫ਼ਾਇਦਾ ਆਸਟ੍ਰੇਲੀਆ ਨੂੰ ਹੀ ਮਿਲਣ ਜਾ ਰਿਹਾ ਹੈ। ਸਮਝੌਤੇ ਦੌਰਾਨ ਹੀ ਆਸਟ੍ਰੇਲੀਆ ਦਾ ਫਰਾਂਸ ਨਾਲ 2016 'ਚ ਹੋਇਆ 40 ਅਰਬ ਡਾਲਰ ਦਾ ਪਣਡੁੱਬੀ ਸੌਦਾ ਰੱਦ ਕਰ ਦਿੱਤਾ ਹੈ। ਹੁਣ ਇਹ ਪਣਡੁੱਬੀ ਅਮਰੀਕਾ ਦੇਵੇਗਾ। ਏਯੂਕੇਯੂਐੱਸ ਦੇ ਗਠਨ ਦਾ ਐਲਾਨ ਕਵਾਡ 'ਚ ਸ਼ਾਮਲ ਦੇਸ਼ਾਂ ਦੇ ਆਗੂਆਂ ਦੀ 24 ਸਤੰਬਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਕੀਤਾ ਗਿਆ ਹੈ। ਕਵਾਡ ਦੀ ਬੈਠਕ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਮੇਜ਼ਬਾਨੀ 'ਚ ਹੋਵੇਗੀ, ਇਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਪਾਨੀ ਪ੍ਰਧਾਨ ਮੰਤਰੀ ਯੋਸ਼ਿਹਿਦਾ ਸੁਗਾ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਬੈਠਕ ਕਰਨਗੇ।
ਰਾਇਟਰ ਮੁਤਾਬਕ, ਆਸਟ੍ਰੇਲੀਆ ਤੋਂ 2016 'ਚ ਹੋਇਆ ਪਣਡੁੱਬੀ ਸੌਦਾ ਰੱਦ ਹੋਣ 'ਤੇ ਫਰਾਂਸ ਭੜਕ ਗਿਆ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯਵੇਸ ਲੇ ਡਿ੍ਆਨ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਸਟ੍ਰੇਲੀਆ ਨਾਲ ਉਨ੍ਹਾਂ ਦਾ ਪਣਡੁੱਬੀ ਸੌਦਾ ਰੱਦ ਕਰਾ ਕੇ ਉਹੀ ਕੰਮ ਕੀਤਾ ਹੈ ਜਿਹੜਾ ਉਨ੍ਹਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ 40 ਅਰਬ ਡਾਲਰ ਦਾ ਉਨ੍ਹਾਂ ਦਾ ਪਣਡੁੱਬੀ ਸੌਦਾ ਰੱਦ ਕਰਨਾ ਅਮਰੀਕਾ ਦਾ ਇਕ ਪਾਸੜ ਫੈਸਲਾ ਹੈ। ਹਾਲੇ ਦੋ ਹਫਤੇ ਪਹਿਲਾਂ ਹੀ ਆਸਟ੍ਰੇਲੀਆ ਦੇ ਰੱਖਿਆ ਤੇ ਵਿਦੇਸ਼ ਮੰਤਰੀ ਨੇ ਆਪਣੇ ਹਮਰੁਤਬਿਆਂ ਨਾਲ ਇਸ ਸੌਦੇ ਦੀ ਪੁਸ਼ਟੀ ਕੀਤੀ ਸੀ।