MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬੇਹਤਰ ਜ਼ਿੰਦਗੀ ਲਈ ਹਵਾ ਪ੍ਰਦੂਸ਼ਣ ਘੱਟ ਕਰਨਾ ਹੋਵੇਗਾ - ਗੁਰਦੀਸ਼ ਪਾਲ ਕੌਰ ਬਾਜਵਾ

ਧੂੜ ਕਣਾਂ ਅਤੇ ਕਾਰਬਨ ਡਾਇਆਕਸਾਇਡ ਦਾ ਮੌਸਮ ਉਪੱਰ ਵੀ ਬਹੁਤ ਬੁਰਾ ਅਸਰ ਪੈ ਰਿਹਾ ਹੈ। ਸੱਤਰਵਿਆਂ ਵਿੱਚ ਹਵਾ ਵਿੱਚ ਕਾਰਬਨ ਦੀ ਮਾਤਰਾ 311 ਪੀ ਪੀ ਐਮ ਸੀ ਜੋ ਹੁਣ ਵੱਧ ਕੇ 388 ਹੋ ਚੁੱਕੀ ਹੈ। ਵਾਯੂਮੰਡਲ ਵਿੱਚ ਪ੍ਰਤੀ ਸਾਲ ਇਕ ਮਿਲੀਅਨ ਪਿਛੇ ਇਕ ਭਾਗ ਕਾਰਬਨ ਡਾਇਆਕਸਾਇਡ ਦਾ ਵਾਧਾ ਹੁੰਦਾ ਹੈ। ਜੇ ਇਹ ਵਾਧਾ ਇਸੇ ਦਰ ਨਾਲ ਹੁੰਦਾ ਰਿਹਾ ਤਾਂ 21ਵੀਂ ਸਦੀ ਦੇ ਤੀਜੇ ਦਹਾਕੇ ਤੱਕ ਵਾਯੂਮੰਡਲ ਵਿੱਚ ਕਾਰਬਨ ਡਾਇਆਕਸਾਇਡ ਦੀ ਮਾਤਰਾ ਕਰੀਬ 61500 ਮਿਲੀਅਨ ਟਨ ਜਾਂ 470 ਪੀ ਪੀ ਐਮ ਹੋ ਜਾਵੇਗੀ। ਧਰਤੀ ਦੀ ਗਰਮਾਇਸ਼ ਦੀਰਘ ਤਰੰਗਾਂ ਰਾਹੀਂ ਉੱਡਦੀ ਹੈ। ਇਸ ਦਾ 90 ਫੀਸਦੀ ਹਿੱਸਾ ਵਾਯੂਮੰਡਲ ਸੋਖ ਲੈਂਦਾ ਹੈ। ਵਾਯੂਮੰਡਲ ਵਿੱਚ ਮੋਜੂਦ ਮਾਰੂ ਗੈਸਾਂ ਅਤੇ ਵਾਸ਼ਪ ਕਣ ਸੂਰਜੀ ਊਰਜਾ ਧਰਤੀ ਦੇ ਵਾਯੂਮੰਡਲ ਵਿੱਚ ਰੋਕ ਲੈਂਦੀ ਹੈ ਜਿਸ ਦੇ ਭੈੜੇ ਪ੍ਰਭਾਵ ਪੈਂਦੇ ਹਨ। ਸਿੱਟੇ ਵਜੋਂ ਤਾਪਮਾਨ ਵਿੱਚ 2 ਤੋਂ 3 ਦਰਜੇ ਸੈਂਟੀਗਰੇਡ ਦਾ ਵਾਧਾ ਹੋ ਜਾਵੇਗਾ, ਜਿਸ ਨਾਲ ਵਾਸ਼ਪੀਕਰਨ ਦੀ ਦਰ ਪ੍ਰਤੀ ਦਿਨ 2 ਤੋਂ 3 ਮਿਲੀਮੀਟਰ ਵਧ ਜਾਵੇਗੀ ਉਪਰਮਤ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਜਾਵੇਗਾ। ਸੂਰਜ ਦੀ ਰੋਸ਼ਨੀ ਵਿੱਚ ਕਈ ਤਰ੍ਹਾਂ ਦੇ ਅੱਧ ਜਾਂ ਅਣਜਲੇ ਹਾਈਡ੍ਰੋ ਕਾਰਬਨ ਨਾਈਟਰੋਜਨ ਦੇ ਆਕਸਾਇਡਾਂ ਨਾਲ ਪ੍ਰਤੀਕਿਰਿਆ ਕਰਕੇ ਓਜ਼ੋਨ,ਅਲਡੀਹਾਈਡਜ਼ ਆਦਿ ਬਣਾਉਂਦੇ ਹਨ। ਇਨ੍ਹਾਂ ਨੁੰ ਵਿਗਿਆਨਕ ਸ਼ਬਦਾਵਲੀ ਵਿੱਚ ਫੋਟੋ ਕੈਮੀਕਲ ਅਕਸਾਈਡੈਂਟਸ ਆਖਦੇ ਹਨ। ਇਨ੍ਹਾਂ ਦੇ ਕਾਰਨ ਫੋਟੋ ਕੈਮੀਕਲ ਸਮੋਗ (ਧੂੰਆ+ਧੁੰਦ) ਬਣ ਜਾਂਦਾ ਹੈ। ਇਹ ਭੀੜ ਭੜੱਕੇ ਵਾਲੇ ਖਿੱਤਿਆਂ ਅਤੇ ਇੰਡਟਰੀਅਲ ਖੇਤਰਾਂ ਵਿੱਚ ਬਹੁਤ ਹੁੰਦਾ ਹੈ। ਕਈ ਮੌਸਮਾਂ ਵਿੱਚ ਖਾਸ ਕਰਕੇ ਖੇਤੀ ਰਹਿੰਦ-ਖੂੰਹਦ ਨੁੰ ਸਾੜਨ ਅਤੇ ਯੁੱਧਾਂ ਵੇਲੇ ਤਾਂ ਇਹ ਬੇਹੱਦ ਵਧ ਜਾਂਦਾ ਹੈ। ਗੈਸ ਦੇ ਰੂਪ ਵਿੱਚ ਠੋਸ ਜਾਂ ਤਰਲ ਕਣਾਂ ਨੂੰ ਹਵਾਂ ਵਿੱਚ ਛੱਡਣ ਦੀ ਕਿਰਿਆ ਨੂੰ ਏਰੋਸੋਲ ਆਖਦੇ ਹਨ ਜਿਵੇਂ ਕਿ ਧੂੰਆਂ, ਧੂੜ, ਬਨਾਵਟੀ ਛਿੜਕਾਅ ਕਰਨਾ ਆਦਿ। ਇਨ੍ਹਾਂ ਵਿੱਚ ਕਲੋਰੋਫਲੂਰੋ ਕਾਰਬਨ ਹੁੰਦੇ ਹਨ ਜੋ ਹਵਾ ਨੂੰ ਦੂਸ਼ਿਤ ਕਰਦੇ ਹਨ ਅਤੇ ਜੀਵਨ ਨੂੰ ਖਤਰਾ ਪੈਦਾ ਕਰ ਦਿੰਦੇ ਹਨ। ਹਵਾ ਅੰਦਰ ਧੂੰਏਂ ਅਤੇ ਧੂੜ ਦੇ ਕਣਾਂ ਦੀ ਵੱਧ ਮਾਤਰਾ ਦੇ ਕਾਰਨ ਸੂਰਜ ਦੀ ਰੋਸ਼ਨੀ ਧਰਤੀ ਉੱਪਰ ਘੱਟ ਮਾਤਰਾ ਵਿੱਚ ਪੁੱਜਦੀ ਹੈ, ਜਿਸ ਕਾਰਨ ਧਰਤੀ ਉਪਰਲਾ ਪ੍ਰਾਣੀ ਅਤੇ ਬਨਸਪਤੀ ਜੀਵਨ ਪ੍ਰਭਾਵਿਤ ਹੁੰਦਾ ਹੈ। ਆਮ ਤੌਰ ਤੇ ਹਵਾ ਵਿਚਲੇ ਪ੍ਰਦੂਸ਼ਣ-ਕਰਤਾ ਮਾਦੇ ਬਨਸਪਤੀ ਆਦਿ ਤੇ ਇੱਕਠੇ ਹੋ ਜਾਂਦੇ ਹਨ। ਮਨੁੱਖ ਤਾਂ ਪ੍ਰਦੂਸ਼ਿਤ ਵਾਯੂਮੰਡਲ ਵਿੱਚ ਪ੍ਰਦੂਸ਼ਣ ਕਰਤਾ ਮਾਦਿਆਂ ਨੂੰ ਸਾਹ ਰਾਹੀਂ ਹੀ ਆਪਣੇ ਸਰੀਰ ਵਿੱਚ ਲਿਜਾਂਦਾ ਹੈ, ਪ੍ਰੰਤੂ ਪਸ਼ੂ ਪ੍ਰਦੂਸ਼ਿਤ ਕਣਾਂ ਨਾਲ ਲੱਥ-ਪੱਥ ਚਾਰੇ ਨੂੰ ਖਾ ਕੇ ਅਤੇ ਸਾਹ ਲੈਣ ਦੀ ਕਿਰਿਆ ਰਾਹੀਂ ਦੋਵੇਂ ਤਰ੍ਹਾਂ ਦੀ ਹਵਾ-ਪ੍ਰਦੂਸ਼ਣ ਦੇ ਭੈੜੇ ਪ੍ਰਭਾਵਾਂ ਦੇ ਸ਼ਿਕਾਰ ਹੁੰਦੇ ਹਨ। ਜੀਵਾਂ ਵਿੱਚ ਲਹੂ ਦੀਆਂ ਧਮਣੀਆਂ ਵਾਂਗ ਹੀ, ਪੱਤੇ ਦੀਆਂ ਨਸਾਂ ਭਿੰਨ-ਭਿੰਨ ਹਿੱਸਿਆਂ ਵਿੱਚ ਪਾਣੀ ਤੇ ਖੁਰਾਕ ਲਿਜਾਣ ਲਈ ਵਿਸ਼ੇਸ਼ ਸਿਸਟਮ ਦਾ ਕੰਮ ਕਰਦੀਆਂ ਹਨ। ਪ੍ਰੰਤੂ ਹਵਾ ਵਿੱਚ ਮੋਜੂਦ ਜੜ੍ਹੀ-ਬੂਟੀ ਨਾਸ਼ਕ ਪਦਾਰਥ ਅਤੇ ਸਮੋਗ (ਧੂੜ ਅਤੇ ਧੂੰਆਂ) ਆਦਿ ਪੌਦਿਆਂ ਤੱਕ ਸੂਰਜ ਦੀ ਰੋਸ਼ਨੀ ਨੁੰ ਪਹੁੰਚਣ ਵਿੱਚ ਰੁਕਾਵਟ ਪੈਦਾ ਕਰਦਾ ਹੈ। ਪੌਦਾ ਆਪਣੀ ਖੁਰਾਕ ਕਾਰਬਨ ਡਾਇਆਕਸਾਇਡ ਦੀ ਘੱਟ ਮਾਤਰਾ ਅੰਦਰ ਲਿਜਾ ਸਕਦਾ ਹੈ ਤੇ ਉਸ ਦੀ ਭੋਜਨ ਬਣਾਉਣ ਦੀ ਪ੍ਰਣਾਲੀ ਵਿੱਚ ਅੜਚਣ ਪੈਦਾ ਹੋ ਜਾਂਦੀ ਹੈ। ਜਿਵੇਂ ਜਿਵੇਂ ਵਾਯੂਮੰਡਲ ਵਿੱਚ ਕਣ ਰੂਪੀ ਪਦਾਰਥਾਂ ਦੀ ਮਾਤਰਾ ਵਧਦੀ ਜਾਂਦੀ ਹੈ, ਇਹ ਪਦਾਰਥ ਸੂਰਜ ਤੋਂ ਆ ਰਹੀ ਰੋਸ਼ਨੀ ਦਾ ਵਧੇਰੇ ਖਿਡਾਊ ਕਰਨ ਲਗਦੇ ਹਨ, ਜਿਸ ਦੇ ਫਲਸਰੂਪ ਧਰਤੀ ਤੇ ਪਹੁੰਚ ਰਹੀ ਤਾਪ ਊਰਜਾ ਦੀ ਮਾਤਰਾ ਘੱਟਣ ਲਗਦੀ ਹੈ ਅਤੇ ਇਸ ਗ੍ਰਹਿ ਦਾ ਤਾਪਮਾਨ ਘਟਣਾ ਸ਼ੁਰੂ ਹੋ ਜਾਂਦਾ ਹੈ। ਹਵਾ ਸਿਰਫ ਮਨੁੱਖ ਦੀ ਹੀ ਜੀਵਨਦਾਤੀ ਨਹੀਂ ਹੈ ਸਗੋਂ ਸਾਰੇ ਪ੍ਰਾਣੀ ਅਤੇ ਬਨਸਪਤੀ ਇਸ ਸਦਕਾ ਜੀਵਤ ਹਨ। ਜੇਕਰ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਯੋਗ ਉਪਰਾਲੇ ਨਾ ਕੀਤੇ ਤਾਂ ਜੀਵਨ ਨਰਕ ਵੱਲ ਚਲਾ ਜਾਵੇਗਾ।