MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਫਰਾਂਸ ਨੇ ਅਮਰੀਕਾ, ਆਸਟ੍ਰੇਲੀਆ ਤੋਂ ਵਾਪਸ ਸੱਦੇ ਆਪਣੇ ਰਾਜਦੂਤ

ਪੈਰਿਸ 18 ਸਤੰਬਰ (ਮਪ)  ਅਮਰੀਕਾ ਦੇ ਸਭ ਤੋਂ ਪੁਰਾਣੇ ਸਹਿਯੋਗੀ ਦੇਸ਼ ਫਰਾਂਸ ਨੇ ਗੁੱਸਾ ਜਤਾਉਂਦੇ ਹੋਏ ਅਮਰੀਕਾ ਤੋਂ ਆਪਣੇ ਰਾਜਦੂਤ ਨੂੰ ਸ਼ੁੱਕਰਵਾਰ ਨੂੰ ਵਾਪਸ ਸੱਦ ਲਿਆ। ਦੋਵਾਂ ਦੇਸ਼ਾਂ ਵਿਚਾਲੇ 18ਵੀਂ ਸਦੀ ਦੀ ਕ੍ਰਾਂਤੀ ਦੌਰਾਨ ਬਣੇ ਸਬੰਧਾਂ ਵਿਚ ਦਰਾਰ ਆਉਂਦੀ ਨਜ਼ਰ ਆ ਰਹੀ ਹੈ। ਦਰਅਸਲ ਅਮਰੀਕਾ, ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਨਵਾਂ ਹਿੰਦ-ਪ੍ਰਸ਼ਾਂਤ ਸੁਰੱਖਿਆ ਗਠਜੋੜ ਬਣਾਉਣ ਵਿਚ ਫਰਾਂਸ ਨੂੰ ਛੱਡ ਦਿੱਤਾ ਹੈ। ਫਰਾਂਸ ਦੇ ਵਿਦੇਸ਼ ਮੰਤਰਾਲਾ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਅਮਰੀਕਾ ਤੋਂ ਆਪਣੇ ਰਾਜਦੂਤ ਨੂੰ ਵਾਪਸ ਸੱਦਿਆ ਹੈ। ਉਸ ਨੇ ਆਸਟ੍ਰੇਲੀਆ ਤੋਂ ਵੀ ਆਪਣੇ ਰਾਜਦੂਤ ਨੂੰ ਵਾਪਸ ਸੱਦਿਆ ਹੈ। ਫ੍ਰਾਂਸੀਸੀ ਵਿਦੇਸ਼ ਮੰਤਰੀ ਜਿਆਨ ਇਵ ਲੀ ਦ੍ਰੀਆਨ ਨੇ ਇਕ ਲਿਖਤੀ ਬਿਆਨ ਵਿਚ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨਅੁਲ ਮੈਕਰੋਨ ਦੀ ਬੇਨਤੀ ’ਤੇ ਲਿਆ ਗਿਆ ਇਹ ਫ਼ੈਸਲਾ ਆਸਟ੍ਰੇਲੀਆ ਅਤੇ ਅਮਰੀਕਾ ਵੱਲੋਂ ਕੀਤੀ ਗਈ ਘੋਸ਼ਣਾ ਦੀ ਅਸਾਧਾਰਨ ਗੰਭੀਰਤਾ ਨੂੰ ਦੇਖਦੇ ਹੋਏ ਜਾਇਜ਼ ਹੈ। ਅਮਰੀਕਾ, ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਨਵੇਂ ਤਿੰਨ ਪੱਖੀ ਸੁਰੱਖਿਆ ਗਠਜੋੜ ‘ਆਕਸ’ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਫਰਾਂਸ ਅਤੇ ਆਸਟ੍ਰੇਲੀਆ ਵਿਚਾਲੇ ਡੀਜ਼ਲ ਪਣਡੁੱਬੀਆਂ ਦੇ ਨਿਰਮਾਣ ਲਈ ਕਰੀਬ 100 ਅਰਬ ਡਾਲਰ ਦਾ ਸੌਦਾ ਹੋਇਆ ਸੀ। ਨਵੀਂ ਆਕਸ ਪਹਿਲ ਦੀਆਂ ਸ਼ਰਤਾਂ ਤਹਿਤ ਆਸਟ੍ਰੇਲੀਆ ਲਈ ਡੀਜ਼ਲ ਪਣਡੁੱਬੀਆਂ ਦੇ ਨਿਰਮਾਣ ਦਾ ਇਹ ਸੌਦਾ ਸਮਾਪਤ ਹੋ ਜਾਏਗਾ, ਜਿਸ ਨਾਲ ਫਰਾਂਸ ਨਾਖ਼ੁਸ਼ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਮਝੌਤਾ ਖ਼ਤਮ ਕਰਨ ਦਾ ਆਸਟ੍ਰੇਲੀਆ ਦਾ ਫ਼ੈਸਲਾ ਸਹਿਯੋਗੀਆਂ ਅਤੇ ਸਾਂਝੇਦਾਰਾਂ ਵਿਚਾਲੇ ਅਸਵੀਕਾਰਯੋਗ ਵਿਵਹਾਰ ਹੈ।