MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਮਲਾ ਨਹਿਰੂ ਕਾਲਜ ਵਿੱਚ ਸਵਾਗਤੀ ਸਮਾਰੋਹ ਦਾ ਆਯੋਜਨ

ਫਗਵਾੜਾ 22 ਸਤੰਬਰ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕਮਲਾ ਨਹਿਰੂ ਕਾਲਜ ਫਾਰ ਵੋਮੈਨ, ਫਗਵਾੜਾ ਵਿੱਚ ਯੂਜੀ ਅਤੇ ਪੀਜੀ ਦੇ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਲਈ  ਸਵਾਗਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਆਯੋਜਕ ਟੀਮ ਮੈਡਮ ਰੀਮਾ ਜੋਸ਼ੀ, ਡਾ: ਨਿਮਰਤ, ਡਾ: ਰਿੰਕਾ, ਸ੍ਰੀ ਸੁਸ਼ੀਲ ਕੁਮਾਰ ਅਤੇ ਮੈਡਮ ਪ੍ਰਿਅੰਕਾ ਵੱਲੋਂ ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਡਾ: ਸਵਿੰਦਰ ਪਾਲ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕਰਕੇ ਕੀਤੀ ਗਈ। ਸੀਨੀਅਰ ਵਿਦਿਆਰਥੀਆਂ ਵੱਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸ਼ਾਨਦਾਰ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਸ਼ਬਦ, ਗਰੁੱਪ ਡਾਂਸ, ਭੰਗੜਾ, ਵਿਅਕਤੀਗਤ ਨਾਚ, ਛੋਟੀਆਂ ਛੋਟੀਆਂ ਖੇਡਾਂ ਆਦਿ ਸ਼ਾਮਲ ਸਨ। ਨਵੇਂ ਵਿਦਿਆਰਥੀਆਂ ਦੁਆਰਾ ਕੀਤੀ ਗਈ ਮਾਡਲਿੰਗ ਸਾਰਿਆਂ ਲਈ ਖਿੱਚ ਦਾ ਕੇਂਦਰ ਸੀ। ਮੈਡਮ ਸਨਦੀਪ ਨਾਂਦਰਾ ਅਤੇ ਡਾ: ਨੀਤੀ ਨੇ ਨਿਰਣਾਯਕ ਦੀ ਭੂਮਿਕਾ ਨਿਭਾਉਂਦਿਆਂ ਲਵਪ੍ਰੀਤ, ਗੁਰਪ੍ਰੀਤ, ਹਰਮਨ ਅਤੇ ਗੁਰਪ੍ਰੀਤ ਕੌਰ ਨੂੰ ਕ੍ਰਮਵਾਰ ਸੋਹਣਾ ਹਾਸਾ, ਸੋਹਣੀਆਂ ਅੱਖਾਂ, ਸੋਹਣਾ ਪਹਿਰਾਵਾ ਅਤੇ ਸਵੈ ਵਿਸ਼ਵਾਸ਼ ਖਿਤਾਬਾਂ ਨਾਲ ਨਿਵਾਜਿਆ। ਰਮਨਪ੍ਰੀਤ ਨੇ ਮਿਸ ਫਰੈਸ਼ਰ ਦਾ ਖਿਤਾਬ ਪ੍ਰਾਪਤ ਕੀਤਾ ਅਤੇ ਹਰਮਨ ਤੇ ਮੀਮਾਂਸਾ ਕ੍ਰਮਵਾਰ ਫਸਟ ਅਤੇ ਸੈਕਿੰਡ ਰਨਰ ਅੱਪ ਰਹੀਆਂ। ਸ੍ਰੀ ਸੰਦੀਪ ਵਾਲੀਆ ਅਤੇ ਵਿਦਿਆਰਥਣਾਂ ਕਮਨਦੀਪ ਤੇ ਮੇਘਨਾ ਨੇ ਮੰਚ ਸੰਚਾਲਨ ਦਾ ਕਾਰਜ ਬੜੇ ਖੂਬਸੂਰਤ ਸ਼ਾਇਰਾਨਾ ਤੇ ਹਾਸਰਸ ਅੰਦਾਜ਼ ਨਾਲ ਨਿਭਾਉਂਦਿਆਂ ਸਭ ਦਾ ਮਨ ਮੋਹ ਲਿਆ ਪ੍ਰਿੰਸੀਪਲ ਡਾ: ਸਵਿੰਦਰ ਪਾਲ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਹੀ ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿਚ ਨਿਖਾਰ ਪੈਦਾ  ਕਰਦੀਆਂ ਹਨ। ਪ੍ਰੋਗਰਾਮ ਦੀ ਸਫਲਤਾ ਲਈ ਉਨ੍ਹਾਂ ਨੇ ਆਯੋਜਿਕ ਟੀਮ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਅਤੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਜਿਹੇ ਆਯੋਜਨ  ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਅਤੇ ਅੱਗੇ ਵਧਣ ਦੀ ਰੁਚੀ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ।