MediaPunjab - ਭਾਜਪਾ ਨੂੰ ਮਾਤ ਦੇਣ ਲਈ ਕਾਂਗਰਸ ਨੇ ਜੇਡੀਐਸ ਨੂੰ ਦਿਤਾ ਸਮਰਥਨ
MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਜਪਾ ਨੂੰ ਮਾਤ ਦੇਣ ਲਈ ਕਾਂਗਰਸ ਨੇ ਜੇਡੀਐਸ ਨੂੰ ਦਿਤਾ ਸਮਰਥਨ

ਬੰਗਲੁਰੂ 15 ਮਈ (ਮਪ) ਕਰਨਾਟਕ ਚੋਣਾਂ ਵਿਚ ਭਾਜਪਾ ਦਾ ਜੇਤੂ ਰਥ ਲਗਾਤਾਰ ਬਹੁਮਤ ਵੱਲ ਵਧਦਾ ਜਾ ਰਿਹਾ ਸੀ ਪਰ 104 ਸੀਟਾਂ 'ਤੇ ਪੁੱਜਦਿਆਂ ਹੀ ਇਸ ਨੂੰ ਅਜਿਹੀਆਂ ਬ੍ਰੇਕਾਂ ਲੱਗੀਆਂ, ਜਿਸ ਨਾਲ ਭਾਜਪਾ ਬਹੁਮਤ ਤੋਂ ਮਹਿਜ਼ 8 ਕਦਮ ਦੂਰ ਰਹਿ ਗਈ। ਉਧਰ 78 ਸੀਟਾਂ 'ਤੇ ਸਿਮਟਣ ਵਾਲੀ ਕਾਂਗਰਸ ਭਾਵੇਂ ਅਪਣੀ ਹਾਰ ਦੇਖ ਨਮੋਸ਼ ਹੋ ਕੇ ਬੈਠ ਗਈ ਸੀ ਪਰ ਜਿਵੇਂ ਹੀ ਉਸ ਨੂੰ ਭਾਜਪਾ ਦਾ ਜੇਤੂ ਰਥ ਡਗਮਗਾਉਂਦਾ ਨਜ਼ਰ ਆਇਆ ਤਾਂ ਉਸ ਨੇ ਝੱਟ ਅਪਣੀ ਸਰਗਰਮੀ ਤੇਜ਼ ਕਰ ਦਿਤੀ ਅਤੇ 38 ਸੀਟਾਂ ਜਿੱਤਣ ਵਾਲੀ ਜਨਤਾ ਦਲ ਸੈਕੁਲਰ ਭਾਵ ਜੇਡੀਐਸ ਨੂੰ ਅਪਣਾ ਸਮਰਥਨ ਦੇਣ ਦੇ ਨਾਲ ਨਾਲ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਵੀ ਕਰ ਦਿਤੀ। 10 ਸਾਲ ਤੋਂ ਸੱਤਾ ਤੋਂ ਬਾਹਰੀ ਬੈਠੀ ਜੇਡੀਐਸ ਨੇ ਤੁਰਤ ਕਾਂਗਰਸ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਕਿਉਂਕਿ ਜੇਡੀਐਸ ਲਈ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਸੀ ਕਿ ਉਸ ਨੂੰ ਮਹਿਜ਼ 38 ਸੀਟਾਂ ਜਿੱਤਣ 'ਤੇ ਵੀ ਮੁੱਖ ਮੰਤਰੀ ਅਹੁਦਾ ਮਿਲ ਰਿਹਾ ਸੀ।  12 ਮਈ ਨੂੰ ਹੋਈ ਕਰਨਾਟਕ ਵਿਧਾਨ ਸਭਾ ਚੋਣ ਲਈ ਵੋਟਾਂ ਦੀ ਗਿਣਤੀ ਦੇ ਜਿਵੇਂ ਹੀ ਸਵੇਰੇ ਰੁਝਾਨ ਆਉਣੇ ਸ਼ੁਰੂ ਹੋਏ ਤਾਂ ਭਾਜਪਾ ਨੇ ਲਗਾਤਾਰ ਬੜ੍ਹਤ ਬਣਾ ਕੇ ਰੱਖੀ, ਇਸ ਨਾਲ ਕਾਂਗਰਸ ਵਿਚ ਪੂਰੀ ਤਰ੍ਹਾਂ ਨਮੋਸ਼ੀ ਦੀ ਲਹਿਰ ਫੈਲ ਗਈ ਸੀ ਕਿਉਂਕਿ ਗਿਣਤੀ ਦੌਰਾਨ ਆ ਰਹੇ ਰੁਝਾਨਾਂ ਵਿਚ ਭਾਜਪਾ ਲਗਾਤਾਰ ਬਹੁਮਤ ਵੱਲ ਵਧਦੀ ਨਜ਼ਰ ਆ ਰਹੀ ਸੀ। ਇਸ ਦੇ ਚਲਦਿਆਂ ਭਾਜਪਾ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿਤੇ ਪਰ ਜਿਵੇਂ ਹੀ ਭਾਜਪਾ 104 ਸੀਟਾਂ ਅਟਕੀ ਤਾਂ ਕਾਂਗਰਸ ਅਤੇ ਜੇਡੀਐਸ ਨੇ ਮਿਲ ਕੇ ਜਾਦੂਈ ਅੰਕੜਾ ਹਾਸਲ ਕਰ ਲਿਆ ਤੇ ਭਾਜਪਾ ਨੂੰ ਪਛਾੜ ਦਿਤਾ। ਇਸ ਤੋਂ ਪਹਿਲਾਂ ਚੋਣਾਂ ਦੌਰਾਨ ਆ ਰਹੇ ਐਗਜ਼ਿਟ ਪੋਲ ਵਿਚ ਜੇਡੀਐਸ ਨੂੰ ਕਿੰਗਮੇਕਰ ਵਜੋਂ ਦੇਖਿਆ ਜਾ ਰਿਹਾ ਸੀ ਪਰ ਇਹ ਪਤਾ ਨਹੀਂ ਸੀ ਕਿ ਜੇਡੀਐਸ ਕਿੰਗਮੇਕਰ ਨਹੀਂ, ਖ਼ੁਦ ਹੀ ਕਰਨਾਟਕ ਦੀ ਕਿੰਗ ਬਣ ਜਾਵੇਗੀ। ਅਸਲ ਵਿਚ ਭਾਜਪਾ ਨੇ ਇਸ ਚੋਣ ਨੂੰ ਜਿੱਤਣ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ. ਭਾਜਪਾ ਨੇ ਵੀ ਜੇਡੀਐਸ ਲਈ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਕਰ ਦਿਤੀ ਸੀ ਪਰ ਜਿਵੇਂ ਹੀ ਭਾਜਪਾ ਬਹੁਮਤ ਵੱਲ ਵਧਣ ਲੱਗੀ ਤਾਂ ਭਾਜਪਾ ਮੰਤਰੀਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਕਿ ਉਸ ਨੂੰ ਕਿਸੇ ਗਠਜੋੜ ਦੀ ਲੋੜ ਨਹੀਂ, ਜਦੋਂ ਬਹੁਮਤ ਨੂੰ ਲੈ ਕੇ ਸਾਰੀਆਂ ਪਾਰਟੀਆਂ ਦਾ ਪੇਚ ਫਸ ਗਿਆ ਤਾਂ ਕਾਂਗਰਸ ਨੇ ਝੱਟ ਅਪਣਾ ਦਾਅ ਖੇਡਦਿਆਂ ਜੇਡੀਐਸ ਨੂੰ ਬਾਹਰੋਂ ਸਮਰਥਨ ਦੇਣ ਦਾ ਐਲਾਨ ਕਰ ਦਿਤਾ। ਵੈਸੇ ਭਾਜਪਾ ਹਰ ਹੀਲੇ ਅਪਣੇ 'ਕਾਂਗਰਸ ਮੁਕਤ ਭਾਰਤ' ਮਿਸ਼ਨ ਦੇ ਚਲਦਿਆਂ ਕਰਨਾਟਕ ਨੂੰ ਸਰ ਕਰਨਾ ਚਾਹੁੰਦੀ ਸੀ ਪਰ ਕਾਂਗਰਸ-ਜੇਡੀਐਸ ਗਠਜੋੜ ਨੇ ਬਹੁਮਤ ਦੇ ਐਨ ਨੇੜੇ ਪੁੱਜੀ ਭਾਜਪਾ ਦੀ ਬੇੜੀ ਵਿਚ ਵੱਟੇ ਪਾ ਦਿਤੇ। ਹੁਣ ਜੇਡੀਐਸ ਨੇ ਅਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਸੂਬੇ ਦੇ ਰਾਜਪਾਲ ਤੋਂ ਸਮਾਂ ਮੰਗਿਆ ਏ। ਕਰਨਾਟਕ ਚੋਣਾਂ ਵਿਚ ਭਾਵੇਂ ਕਾਂਗਰਸ ਪਹਿਲਾਂ ਜਿੰਨੀਆਂ ਸੀਟਾਂ ਹਾਸਲ ਨਹੀਂ ਕਰ ਸਕੀ ਪਰ ਭਾਜਪਾ ਨੂੰ ਸਰਕਾਰ ਬਣਾਉਣ ਤੋਂ ਰੋਕ ਕੇ ਇਕ ਤਰ੍ਹਾਂ ਨਾਲ ਉਸ ਨੇ ਹਾਰੀ ਹੋਈ ਬਾਜ਼ੀ ਜਿੱਤ ਲਈ ਹੈ।