MediaPunjab - ਕਰਨਾਟਕ ਚ ਭਾਜਪਾ ਨੂੰ ਰੋਕਣ ਲਈ ਕਾਂਗਰਸ ਨੇ ਜੇਡੀਐਸ ਨੂੰ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼
MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਰਨਾਟਕ 'ਚ ਭਾਜਪਾ ਨੂੰ ਰੋਕਣ ਲਈ ਕਾਂਗਰਸ ਨੇ ਜੇਡੀਐਸ ਨੂੰ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼

ਬੰਗਲੁਰੂ 15 ਮਈ (ਮਪ) ਕਰਨਾਟਕ ਵਿਚ ਭਾਜਪਾ ਨੂੰ ਸੱਤਾ ਹਾਸਲ ਕਰਨ ਤੋਂ ਰੋਕਣ ਲਈ ਕਾਂਗਰਸ ਨੇ ਵੱਡਾ ਦਾਅ ਖੇਡਿਆ ਹੈ। ਕਾਂਗਰਸ ਪਾਰਟੀ ਦੇ ਨੇਤਾ ਜੀ ਪਰਮੇਸ਼ਵਰ ਨੇ ਕਿਹਾ ਹੈ ਕਿ ਅਸੀਂ ਜਨਤਾ ਦੇ ਫ਼ੈਸਲੇ ਨੂੰ ਸਵੀਕਾਰ ਕਰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਕੋਲ ਸਰਕਾਰ ਬਣਾਉਣ ਲਈ ਅੰਕੜੇ ਨਹੀਂ ਹਨ। ਕਾਂਗਰਸ ਨੇ ਸਰਕਾਰ ਬਣਾਉਣ ਲਈ ਜੇਡੀਐਸ ਨੂੰ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਹੈ। ਵਿਧਾਨ ਸਭਾ ਚੋਣਾਂ ਦੇ ਰੁਝਾਨ ਜਿਵੇਂ ਜਿਵੇਂ ਆਏ ਭਾਜਪਾ ਦੇ ਖੇਮੇ ਵਿਚ ਖ਼ੁਸ਼ੀ ਦੀ ਲਹਿਰ ਦੌੜਦੀ ਗਈ ਪਰ ਦੁਪਹਿਰ ਬਾਅਦ ਤਕ ਬਹੁਮਤ ਦਾ ਪੇਚ ਫਸ ਗਿਆ। ਇਕ ਸਮੇਂ ਰੁਝਾਨਾਂ ਵਿਚ ਬਹੁਮਤ ਦੇ 112 ਦੇ ਅੰਕੜੇ ਨੂੰ ਪਾਰ ਕਰ ਚੁੱਕੀ ਭਾਜਪਾ ਫਿਲਹਾਲ 45 ਸੀਟਾਂ ਜਿੱਤ ਕੇ 61 'ਤੇ ਹੀ ਅੱਗੇ ਚੱਲ ਰਹੀ ਹੈ। ਇਸ ਤਰ੍ਹਾਂ ਉਸ ਦੇ ਖ਼ਾਤੇ ਵਿਚ 106 ਸੀਟਾਂ ਹੀ ਆਉਂਦੀਆਂ ਦਿਸ ਰਹੀਆਂ ਹਨ। ਉਹ ਬਹੁਮਤ ਦੇ ਅੰਕੜੇ ਤੋਂ 6 ਸੀਟਾਂ ਦੂਰ ਨਜ਼ਰ ਆ ਰਹੀ ਹੈ। ਇਸ ਦੌਰਾਨ 75 ਸੀਟਾਂ 'ਤੇ ਅੱਗੇ ਚੱਲ ਰਹੀ ਕਾਂਗਰਸ ਵੀ ਸਰਗਰਮ ਹੋ ਗਈ ਹੈ। ਭਾਜਪਾ ਨੂੰ ਰੋਕਣ ਲਈ ਕਾਂਗਰਸ ਪਾਰਟੀ ਵਿਚ ਜੇਡੀਐਸ ਨੂੰ ਮੁੱਖ ਮੰਤਰੀ ਅਹੁਦਾ ਦੇਣ ਦਾ ਪ੍ਰਸਤਾਵ 'ਤੇ ਵੀ ਮੰਥਨ ਸ਼ੁਰੂ ਹੋ ਗਿਆ ਹੈ। ਖ਼ਬਰਾਂ ਮੁਤਾਬਕ ਕਰਨਾਟਕ ਦੇ ਨਤੀਜਿਆਂ ਨੂੰ ਲੈ ਕੇ ਸੋਨੀਆ ਗਾਂਧੀ ਨੇ ਗ਼ੁਲਾਮ ਨਬੀ ਆਜ਼ਾਦ ਨਾਲ ਗੱਲ ਵੀ ਕੀਤੀ ਹੈ। 222 ਸੀਟਾਂ ਲਈ ਹੋਈਆਂ ਚੋਣਾਂ ਵਿਚ 106 'ਤੇ ਅੱਗੇ ਚੱਲ ਰਹੀ ਭਾਜਪਾ ਨੂੰ 6 ਹੋਰ ਸੀਟਾਂ ਦੀ ਲੋੜ ਹੋਵੇਗੀ। ਜੇਕਰ ਕਰਨਾਟਕ ਜਨਤਾ ਪਾਰਟੀ, ਬਸਪਾ ਅਤੇ ਇਕ ਆਜ਼ਾਦ ਭਾਜਪਾ ਨੂੰ ਸਮਰਥਨ ਕਰਦੇ ਹਨ ਤਾਂ ਉਹ 109 'ਤੇ ਪਹੁੰਚੇਗੀ ਪਰ ਬਹੁਮਤ ਤੋਂ ਫਿਰ ਵੀ 4 ਸੀਟਾਂ ਦੂਰ ਹੀ ਰਹੇਗੀ। ਅਜਿਹੇ ਵਿਚ ਜੇਕਰ ਭਾਜਪਾ ਨੇ ਬਹੁਮਤ ਹਾਸਲ ਕਰਨਾ ਹੈ ਤਾਂ ਉਹ ਜੇਡੀਐਸ ਜਾਂ ਕਾਂਗਰਸ ਦੇ ਕੁੱਝ ਵਿਧਾਇਕਾਂ ਨੂੰ ਅਪਣੇ ਪਾਲੇ ਵਿਚ ਕਰਦੇ ਹੋਏ ਉਨ੍ਹਾਂ ਤੋਂ ਅਸਤੀਫ਼ਾ ਦਿਵਾ ਕੇ ਅਪਣਾ ਦਾਅ ਖੇਡ ਸਕਦੀ ਹੈ। ਅਜਿਹੇ ਵਿਚ ਉਨ੍ਹਾਂ ਸੀਟਾਂ 'ਤੇ ਫਿਰ ਤੋਂ ਚੋਣ ਹੋਵੇਗੀ ਅਤੇ ਜਿੱਤ ਹਾਸਲ ਕਰ ਕੇ ਬਹੁਮਤ ਹਾਸਲ ਕੀਤਾ ਜਾ ਸਕਦਾ ਹੈ। ਇਯ ਵਿਚਕਾਰ ਭਾਜਪਾ ਦਾ ਜੇਤੂ ਰਥ ਬਹੁਮਤ ਤੋਂ ਪਹਿਲਾਂ ਹੀ ਅਟਕਣ ਦੀ ਸਥਿਤੀ ਵਿਚ ਕਾਂਗਰਸ ਅਪਣੇ ਲਈ ਸੰਭਾਵਨਾ ਦੇਖ ਰਹੀ ਹੈ। ਕਾਂਗਰਸ 74 ਸੀਟਾਂ 'ਤੇ ਅੱਗੇ ਹੈ, ਜਦਕਿ ਜੇਡੀਐਸ 39 ਸੀਟਾਂ ਹਾਸਲ ਕਰਦੀ ਨਜ਼ਰ ਆ ਰਹੀ ਹੈ। ਅਜਿਹੇ ਵਿਚ ਕਾਂਗਰਸ ਇਸ ਰਣਨੀਤੀ 'ਤੇ ਵੀ ਕੰਮ ਕਰ ਰਹੀ ਹੈ ਕਿ ਜੇਡੀਐਸ ਨੂੰ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਕਰ ਕੇ ਸਰਕਾਰ ਗਠਿਤ ਕਰ ਲਈ ਜਾਵੇ। ਦੋਹੇ ਇਕੱਠੇ ਆਉਂਦੇ ਹਨ ਤਾਂ 113 ਸੀਟਾਂ ਹੋ ਜਾਣਗੀਆਂ, ਜੋ ਬਹੁਮਤ ਦੇ ਜਾਦੂਈ ਅੰਕੜੇ ਤੋਂ ਦੋ ਸੀਟਾਂ ਜ਼ਿਆਦਾ ਹੋਵੇਗਾ।