MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨਵੇਂ ਦੌਰ ਵਿਚ ਭਾਰਤ ਤੇ ਅਮਰੀਕਾ ਦੇ ਰਿਸ਼ਤੇ; ਹਿੰਦ ਪ੍ਰਸ਼ਾਤ ਖੇਤਰ, ਦੁਵੱਲੇ ਸਹਿਯੋਗ ਤੇ ਕੋਰੋਨਾ ਮਹਾਮਾਰੀ ਸਮੇਤ ਕਈ ਮੁੱਦਿਆਂ ’ਤੇ ਗੱਲ

ਵਾਸ਼ਿੰਗਟਨ,  24 ਸਤੰਬਰ (ਮਪ) ਭਾਰਤ ਤੇ ਅਮਰੀਕਾ ਦੇ ਰਿਸ਼ਤੇ ਨਵੇਂ ਦੌਰ ਤੇ ਉਚਾਈਆਂ ਨੂੰ ਛੂਹ ਰਹੇ ਹਨ। ਸ਼ੁੱਕਰਵਾਰ ਨੂੰ ਰਾਸ਼ਟਰਪਤੀ ਜੋਅ ਬਾਇਡਨ ਤੇ ਇਕ ਦਿਨ ਪਹਿਲਾਂ ਉਪਰ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ’ਚ ਇਹ ਸਾਫ ਦਿਖਾਈ ਦਿੱਤਾ। ਹੈਰਿਸ ਨਾਲ ਮੁਲਾਕਾਤ ’ਚ ਦੋਵਾਂ ਨੇਤਾਵਾਂ ਨੇ ਮੰਨਿਆ ਕਿ ਦੁਵੱਲੇ ਰਿਸ਼ਤੇ ਚੰਗੇ ਦੌਰ ’ਚ ਹਨ। ਮੋਦੀ ਨੇ ਜਿੱਥੇ ਦੋਵਾਂ ਦੇਸ਼ਾਂ ਨੂੰ ਸੁਭਾਵਿਕ ਭਾਈਵਾਲ ਕਰਾਰ ਦਿੱਤਾ, ਉੱਥੇ ਹੈਰਿਸ ਨੇ ਦੁਨੀਆ ਭਰ ’ਚ ਲੋਕਤੰਤਰ ’ਤੇ ਮੰਡਰਾਉਂਦੇ ਖ਼ਤਰੇ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਭਾਰਤ ਤੇ ਅਮਰੀਕਾ ਦੇ ਨਾਲ-ਨਾਲ ਦੁਨੀਆ ਭਰ ’ਚ ਲੋਕਤੰਤਰੀ ਸਿਧਾਤਾਂ ਤੇ ਸੰਸਥਾਵਾਂ ਦੀ ਰੱਖਿਆ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਪੀਐੱਮ ਮੋਦੀ ਦਾ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ’ਚ ਸਵਾਗਤ ਕਰਨ ਤੋਂ ਪਹਿਲਾਂ ਬਾਇਡਨ ਨੇ ਟਵੀਟ ਕੀਤਾ, ‘ਅੱਜ ਸਵੇਰੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਵੱਲੀ ਬੈਠਕ ਲਈ ਵ੍ਹਾਈਟ ਹਾਊਸ ’ਚ ਮੇਜ਼ਬਾਨੀ ਕਰ ਰਿਹਾ ਹਾਂ। ਮੈਂ ਦੋਵਾਂ ਦੇਸ਼ਾਂ ਵਿਚਾਲੇ ਡੂੰਘੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ, ਮੁਕਤ ਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਖੇਤਰ ਨੂੰ ਬਰਕਰਾਰ ਰੱਖਣ ਲਈ ਕੰਮ ਕਰਨ ਤੇ ਕੋਰੋਨਾ ਮਹਾਮਾਰੀ ਤੋਂ ਲੈ ਕੇ ਪੌਣ-ਪਾਣੀ ਤਬਦੀਲੀ ਤਕ ਨਜਿੱਠਣ ਲਈ ਉਤਸੁਕ ਹਾਂ।’
ਇਸ ਤੋਂ ਪਹਿਲਾਂ ਵੀਰਵਾਰ ਨੂੰ ਕਮਲਾ ਹੈਰਿਸ ਨਾਲ ਮੁਲਾਕਾਤ ’ਚ ਦੋਵਾਂ ਨੇਤਾਵਾਂ ਨੇ ਭਾਰਤ-ਅਮਰੀਕਾ ਰਣਨੀਤਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਦੇ ਅਫ਼ਗਾਨਿਸਤਾਨ ਤੇ ਹਿੰਦ ਪ੍ਰਸ਼ਾਂਤ ਸਮੇਤ ਸਾਂਝੇ ਹਿੱਤਾਂ ਦੇ ਮੁੱਦਿਆਂ ’ਤੇ ਚਰਚਾ ਕੀਤੀ। ਮੁਲਾਕਾਤ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਭਾਰਤ ਤੇ ਅਮਰੀਕਾ ਸੁਭਾਵਿਕ ਸਾਂਝੇਦਾਰ ਹਨ। ਸਾਡੀਆਂ ਕਦਰਾਂ-ਕੀਮਤਾਂ ਤੇ ਭੂ-ਰਾਜਨੀਤਿਕ ਹਿੱਤ ਬਰਾਬਰ ਹਨ।’ ਭਾਰਤ ਤੇ ਅਮਰੀਕਾ ਨੂੰ ਸਭ ਤੋਂ ਵੱਡਾ ਤੇ ਸਭ ਤੋਂ ਪੁਰਾਣਾ ਲੋਕਤੰਤਰ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਤਾਲਮੇਲ ਤੇ ਸਹਿਯੋਗ ਵੱਧ ਰਿਹਾ ਹੈ। ਦੋਵਾਂ ਨੇਤਾਵਾਂ ਨੇ ਇਸ ਗੱਲ ਦੀ ਸ਼ਲਾਘਾ ੀਤੀ ਕਿ ਦੁਵੱਲੇ ਰਿਸ਼ਤੇ ਚੰਗੇ ਦੌਰ ’ਚ ਹਨ। ਪ੍ਰਧਾਨ ਮੰਤਰੀ ਨੇ ਹੈਰਿਸ ਨੂੰ ਕਿਹਾ, ‘ਤੁਸੀਂ ਦੁਨੀਆ ਭਰ ਦੇ ਕਈ ਲੋਕਾਂ ਲਈ ਪ੍ਰੇਰਨਾ ਸ੍ਰੋਤ ਹੋ। ਮੈਨੂੰ ਪੂਰਾ ਭਰੋਸਾ ਹੈ ਕਿ ਰਾਸ਼ਟਰਪਤੀ ਬਾਇਡਨ ਤੇ ਤੁਹਾਡੀ ਅਗਵਾਈ ’ਚ ਸਾਡੇ ਦੁਵੱਲੇ ਰਿਸ਼ਤੇ ਨਵੀਂ ਉਚਾਈ ਨੂੰ ਹਾਸਲ ਕਰਨਗੇ।’ ਬਾਅਦ ’ਚ ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ, ‘ਅਸੀਂ ਕਈ ਵਿਸ਼ਿਆਂ ’ਤੇ ਗੱਲ ਕੀਤੀ, ਜਿਨ੍ਹਾਂ ਨਾਲ ਦੋਵਾਂ ਦੇਸ਼ਾਂ ਦੀ ਦੋਸਤੀ ਹੋਰ ਮਜ਼ਬੂਤੀ ਹੋਵੇਗੀ, ਜੋ ਸਾਂਝੀਆਂ ਕਦਰਾਂ-ਕੀਮਤਾਂ ਤੇ ਸੱਭਿਆਚਾਰਕ ਸਬੰਧਾਂ ’ਤੇ ਆਧਾਰਤ ਹੈ।’ ਮੋਦੀ ਨੇ ਹੈਰਿਸ ਨੂੰ ਕਿਹਾ, ‘ਰਾਸ਼ਟਰਪਤੀ ਬਾਇਡਨ ਤੇ ਤੁਸੀਂ ਅਜਿਹੇ ਸਮੇਂ ਕਾਰਜਭਾਰ ਸੰਭਾਲਿਆ ਜਦੋਂ ਸਾਡੀ ਧਰਤੀ ਬੇਹੱਦ ਸਖ਼ਤ ਚੁਣੌਤੀਆਂ ਨਾਲ ਜੂਝ ਰਹੀ ਸੀ। ਬੇਹੱਦ ਘੱਟ ਸਮੇਂ ’ਚ ਤੁਸੀਂ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ, ਭਾਵੇਂ ਉਹ ਕੋਰੋਨਾ ਮਹਾਮਾਰੀ ਹੋਵੇ ਜਾਂ ਪੌਣ-ਪਾਣੀ ਬਦਲਾਅ ਜਾਂ ਕਵਾਡ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਅਮਰੀਕਾ ਨੇ ਇਕ ਸੱਚੇ ਦੋਸਤ ਵਾਂਗ ਸਾਥ ਦਿੱਤਾ। ਦੂਜੇ ਪਾਸੇ, ਹੈਰਿਸ ਨੇ ਲੋਕਤੰਤਰ ਦੀ ਗੱਲ ਕਰਦੇ ਹੋਏ ਕਿਹਾ, ‘ਮੈਂ ਆਪਣੇ ਨਿੱਜੀ ਤਜਰਬੇ ਤੇ ਆਪਣੇ ਪਰਿਵਾਰ ਜ਼ਰੀਏ ਲੋਕਤੰਤਰ ’ਚ ਭਾਰਤੀ ਲੋਕਾਂ ਦੀ ਵਚਨਬੱਧਤਾ ਬਾਰੇ ਜਾਣਦੀ ਹਾਂ। ਸਾਨੂੰ ਉਹ ਕੰਮ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਅਸੀਂ ਲੋਕਤੰਤਰੀ ਸਿਧਾਤਾਂ ਤੇ ਸੰਸਥਾਵਾਂ ਲਈ ਆਪਣੇ ਨਜ਼ਰੀਏ ਬਾਰੇ ਸੋਚ ਸਕੀਏ ਤੇ ਉਸ ਨੂੰ ਸਾਕਾਰ ਕਰ ਸਕੀਏ।’ ਨਾਲ ਹੀ ਹੈਰਿਸ ਨੇ ਕਿਹਾ ਕਿ ਦੁਨੀਆ ਅੱਜ ਕਿਤੇ ਜ਼ਿਆਦਾ ਆਪਸ ’ਚ ਜੁੜੀ ਹੋਈ ਹੈ ਤੇ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਇਕ-ਦੂਜੇ ’ਤੇ ਨਿਰਭਰ ਹੈ। ਅਸੀਂ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਉਹ ਇਸ ਦੀ ਪੁਸ਼ਟੀ ਕਰਦੇ ਹਨ। ਕੋਰੋਨਾ ਮਹਾਮਾਰੀ, ਪੌਣ-ਪਾਣੀ ਸੰਕਟ ਤੇ ਹਿੰਦ ਪ੍ਰਸ਼ਾਂਤ ਖੇਤਰ ’ਚ ਸਾਡਾ ਸਾਂਝਾ ਭਰੋਸਾ ਇਸ ਦੀ ਉਦਾਹਰਣ ਹੈ।