MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੱਤਰਕਾਰ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਥਾਣਾ ਮੇਹਟੀਆਣਾ ਦਾ ਕੀਤਾ ਘਿਰਾਓ


 
ਹੁਸ਼ਿਆਰਪੁਰ 28 ਸਤੰਬਰ -  ਪ੍ਰਸ਼ੋਤਮ - ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਅੱਤੋਵਾਲ ਦੇ ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਦੇ ਘਰ ਅੰਦਰ ਦਾਖਲ ਹੋ ਕੇ ਕੀਤੇ ਹਮਲੇ ਤੋਂ ਬਾਅਦ ਖੁੱਲ੍ਹੇ ਘੁੰਮ ਰਹੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਜ ਸੰਜੀਵ ਕੁਮਾਰ ਦੇ ਹੱਕ ਵਿਚ ਇਲਾਕਾ ਨਿਵਾਸੀਆਂ ਵੱਲੋਂ ਥਾਣਾ ਮੇਹਟੀਆਣਾ ਦਾ ਘਿਰਾਓ ਕੀਤਾ ਗਿਆ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਜੀਵ ਕੁਮਾਰ ਨੇ ਥਾਣਾ ਮੇਹਟੀਆਣਾ ਦੇ ਐੱਸ.ਐੱਚ.ਓ ਦੇਸ ਰਾਜ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਐਸ.ਐਚ.ਓ. ਦੀ ਮਿਲੀ ਭੁਗਤ ਨਾਲ ਹੀ ਮੁਕੱਦਮਾ ਦਰਜ ਹੋਣ ਤੋਂ ਅਗਲੀ ਸਵੇਰ ਹੀ ਉਕਤ ਹਮਲਾਵਰਾਂ ਨੇ ਮੁੜ ਤੋਂ ਸੰਜੀਵ ਕੁਮਾਰ ਨੂੰ ਰਸਤੇ ਵਿੱਚ ਘੇਰ ਕੇ ਗਾਲੀ ਗਲੋਚ ਕੀਤਾ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੀਡ਼ਤ ਨੇ ਕਿਹਾ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਉਕਤ ਹਮਲਾਵਰਾਂ ਤੋਂ ਜਾਨ ਦਾ ਖਤਰਾ ਹੈ। ਉਨ੍ਹਾਂ ਤੇ ਪਹਿਲਾਂ ਵੀ ਕੁੱਟਮਾਰ ਕਰਨ ਦੇ ਮੁਕੱਦਮੇ ਦਰਜ ਹਨ। ਦੁਬਾਰਾ ਮਿਲੀਆਂ ਧਮਕੀਆਂ ਦੀ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਮੇਹਟੀਆਣਾ ਪੁਲੀਸ ਕੁੰਭਕਰਨੀ ਨੀਂਦ ਤੋਂ ਜਾਗਣ ਦਾ ਨਾਂ ਨਹੀਂ ਲੈ ਰਹੀ। ਘਿਰਾਓ ਦੌਰਾਨ ਹਾਜ਼ਰ ਸਹਿਯੋਗੀਆਂ ਨੇ ਕਿਹਾ ਕਿ ਜੇਕਰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨੇ ਜਾਂਦੇ ਮੀਡੀਆ ਨੂੰ ਹੀ ਪੁਲਸ ਪ੍ਰਸ਼ਾਸਨ ਸੁਰੱਖਿਅਤ ਨਹੀਂ ਕਰ ਰਹੀ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਦੁਬਾਰਾ ਘੇਰ ਕੇ ਧਮਕੀਆਂ ਦੇਣ ਵਾਲੇ ਦੋਸ਼ੀਆਂ ਖਿਲਾਫ ਅਲੱਗ ਪਰਚਾ ਦਰਜ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਥਾਣਾ ਮੇਹਟੀਆਣਾ ਦੇ ਐੱਸ.ਐੱਚ.ਓ. ਨੇ ਮੌਕੇ ਤੇ ਘਿਰਾਓ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਅਤੇ ਪੀੜਤ ਸੰਜੀਵ ਕੁਮਾਰ ਨਾਲ ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਨਾਲ ਫੋਨ ਤੇ ਗੱਲ ਕਰਵਾਈ ਜਿਨ੍ਹਾਂ ਨੇ ਦੱਸਿਆ ਕਿ ਇਕ ਮੁਲਜ਼ਮ ਦਵਿੰਦਰ ਸਿੰਘ ਸ਼ੈਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੂਸਰੀ ਸ਼ਿਕਾਇਤ ਤੇ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਵੀ ਉਨ੍ਹਾਂ ਨੇ ਭਰੋਸਾ ਦਿੱਤਾ