MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮੁੱਖ ਮੰਤਰੀ ਜੀ ਕਰੋ ਖਿਆਲ, ਅੰਬੇਡਕਰ ਪਾਰਕ ਹੈ ਬਦਹਾਲ  : ਢੋਸੀਵਾਲ

-- ਨਗਰ ਕੌਂਸਲ ਹੋਈ ਆਕੀ --



ਸ੍ਰੀ ਮੁਕਤਸਰ ਸਾਹਿਬ, 05 ਅਕਤੂਬਰ (ਜਗਦੀਸ਼ ਰਾਏ ਢੋਸੀਵਾਲ) ਸਥਾਨਕ ਡਿਪਟੀ ਕਮਿਸ਼ਨਰ ਦਫਤਰ ਦੇ ਐਨ ਨੇੜੇ ਸਥਾਨਕ ਨਗਰ ਕੌਂਸਲ ਦੀ ਹੱਦ ਅੰਦਰ ਕਰੀਬ 17 ਸਾਲ ਪਹਿਲਾਂ ਬਣੇ ਡਾ. ਅੰਬੇਡਕਰ ਪਾਰਕ ਦੀ ਸੇਵਾ ਸੰਭਾਲ ਦਾ ਕੋਈ ਉਚਿਤ ਪ੍ਰਬੰਧ ਨਹੀਂ ਹੈ। ਆਪਣੀ ਨਗਰ ਕੌਂਸਲ ਦੀ ਹਦੂਦ ਅੰਦਰ ਬਣੇ ਇਸ ਪਾਰਕ ਦੀ ਸਰਕਾਰੀ ਨਿਯਮਾਂ ਅਨੁਸਾਰ ਨਗਰ ਕੌਂਸਲ ਵੱਲੋਂ ਦੇਖ ਰੇਖ ਕਰਨ ਦੀ ਕਾਨੂੰਨੀ ਜਿੰਮੇਵਾਰੀ ਹੈ। ਪ੍ਰੰਤੂ ਨਾ ਤਾਂ ਨਗਰ ਕੌਂਸਲ ਵਲੋਂ ਇਥੇ ਕੋਈ ਮਾਲੀ ਲਗਾਇਆ ਗਿਆ ਹੈ, ਨਾਂ ਹੀ ਕੋਈ ਚੌਂਕੀਦਾਰ ਜਾਂ ਸੇਵਾਦਾਰ। ਹਾਂ ਕਦੇ ਕਦਾਈਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪੈਰੋਕਾਰ ਆਪਣੇ ਖਰਚੇ ’ਤੇ ਪਾਰਕ ਦੀ ਸਾਫ ਸਫਾਈ ਕਰਵਾਉਂਦੇ ਰਹੇ ਹਨ। ਪਰੰਤੂ ਨਗਰ ਕੌਂਸਲ ਦੀ ਲਾਪ੍ਰਵਾਹੀ ਤੇ ਪ੍ਰਸ਼ਾਸ਼ਨਿਕ ਬੇਧਿਆਨੀ ਦੇ ਚੱਲਦਿਆਂ ਅਜਿਹੇ ਲੋਕਾਂ ਦੇ ਸਬਰ ਦਾ ਪਿਆਲਾ ਵੀ ਭਰ ਚੁੱਕਾ ਹੈ। ਇਸੇ ਪਾਰਕ ਵਿੱਚ ਡਾ. ਅੰਬੇਡਕਰ ਜੀ ਦਾ ਬੁੱਤ ਵੀ ਲੱਗਿਆ ਹੋਇਆ ਹੈ। ਪਿਛਲੇ ਕਈ ਮਹੀਨਿਆਂ ਤੋਂ ਇਹ ਪਾਰਕ ਬੇਹੱਦ ਬਦਹਾਲੀ ਦਾ ਸ਼ਿਕਾਰ ਹੈ। ਡਾ. ਅੰਬੇਡਕਰ ਦੇ ਬੁੱਤ ਵਾਲਾ ਚਬੂਤਰਾ ਟੁੱਟਾ ਹੋਇਆ ਹੈ, ਚਾਰ ਦੀਵਾਰੀ ਵਾਲੀਆਂ ਗਰਿੱਲਾਂ ਟੁੱਟ ਕੇ ਥੱਲੇ ਡਿੱਗੀਆਂ ਪਈਆਂ ਹਨ। ਪਾਰਕ ਵਿੱਚ ਜੰਗਲੀ ਘਾਹ ਫੂਸ ਉੱਗਿਆ ਹੋਇਆ ਹੈ। ਸ਼ਹਿਰ ਤੇ ਆਮ ਲੋਕਾਂ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਇਸ ਡਾ. ਅੰਬੇਡਕਰ ਪਾਰਕ ਦੀ ਸੇਵਾ ਸੰਭਾਲ ਲਈ ਜ਼ਿਲਾ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਮਿਲ ਕੇ ਲਿਖਤੀ ਰੂਪ ਵਿੱਚ ਅਪੀਲ ਕੀਤੀ ਸੀ। ਪਰੰਤੂ ਨਗਰ ਕੌਂਸਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮਿਸ਼ਨ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਥਾਨਕ ਬੱਸ ਸਟੈਂਡ ਨਜਦੀਕ ਬਣੇ ਡਾ. ਅੰਬੇਡਕਰ ਚੌਂਕ ਦੀ ਹਾਲਤ ਵੀ ਬੇਹੱਦ ਮਾੜੀ ਹੈ। ਚੌਂਕ ਵਿੱਚ ਡਾ. ਅੰਬੇਡਕਰ ਦੇ ਨਾਂਅ ਨੂੰ ਦਰਸਾਉਂਦਾ ਕੋਈ ਬੋਰਡ ਵੀ ਨਹੀਂ ਲੱਗਾ ਹੈ। ਵਿਕਾਸ ਮਿਸ਼ਨ ਵੱਲੋਂ ਨਗਰ ਕੌਂਸਲ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਵਿਕਾਸ ਮਿਸ਼ਨ ਵੱਲੋਂ ਰਾਜ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਮੰਗ ਕੀਤੀ ਗਈ ਹੈ ਕਿ ਸਥਾਨਕ ਨਗਰ ਕੌਂਸਲ ਵੱਲੋਂ ਉਕਤ ਪਾਰਕ ਦੀ ਦੁਰਦਸ਼ਾ ਸੁਧਾਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਮਿਸ਼ਨ ਵੱਲੋਂ ਸਥਾਨਕ ਬੱਸ ਸਟੈਂਡ ਕੋਲ ਬਣੇ ਡਾ. ਅੰਬੇਡਕਰ ਚੌਂਕ ਦਾ ਸੁੰਦਰੀਕਰਨ ਕਰਨ ਅਤੇ ਇਥੇ ਡਿਸਪਲੇਅ ਬੋਰਡ ਲਾਉਣ ਦੀ ਮੰਗ ਵੀ ਕੀਤੀ ਹੈ।