MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੂਰਬੀ ਲੱਦਾਖ ਵਿੱਚ ਪਿੱਛੇ ਹਟਣ ਬਾਰੇ ਭਾਰਤ ਤੇ ਚੀਨ ਵਿਚਾਲੇ ਹੋਈ ਗੱਲਬਾਤ

ਨਵੀਂ ਦਿੱਲੀ 10 ਅਕਤੂਬਰ (ਮਪ) ਭਾਰਤ ਤੇ ਚੀਨ ਵਿਚਾਲੇ ਦੋ ਮਹੀਨੇ ਦੇ ਵਕਫ਼ੇ ਤੋਂ ਬਾਅਦ ਐਤਵਾਰ ਨੂੰ ਫ਼ੌਜ ਦੀ ਇਕ ਹੋਰ ਉੱਚ ਪੱਧਰੀ ਗੱਲਬਾਤ ਹੋਈ। ਇਸ ਗੱਲਬਾਤ ਦਾ ਮਕਸਦ ਪੂਰਬੀ ਲੱਦਾਖ 'ਚ ਬਾਕੀ ਦੇ ਟਕਰਾਅ ਵਾਲੇ ਸਥਾਨਾਂ ਤੋਂ ਫ਼ੌਜੀਆਂ ਦੀ ਵਾਪਸੀ ਦੀ ਦਿਸ਼ਾ 'ਚ ਅੱਗੇ ਵਧਣਾ ਸੀ। ਸੂਤਰਾਂ ਨੇ ਦੱਸਿਆ ਕਿ ਕੋਰ ਕਮਾਂਡਰ ਪੱਧਰ ਦੀ 13ਵੇਂ ਦੌਰ ਦੀ ਗੱਲਬਾਤ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਲਾਈਨ 'ਤੇ ਚੀਨ ਵੱਲੋਂ ਮੋਲਡੋ ਸਰਹੱਦ ਬਿੰਦੂ 'ਤੇ ਹੋਈ। ਉਨ੍ਹਾਂ ਦੱਸਿਆ ਕਿ ਗੱਲਬਾਤ ਸਵੇਰੇ ਲਗਪਗ 10.30 ਵਜੇ ਸ਼ੁਰੂ ਹੋਈ ਤੇ ਅੱਠ ਘੰਟੇ ਤਕ ਚੱਲੀ। ਬੈਠਕ 'ਚ ਭਾਰਤੀ ਨੁਮਾਇੰਦਗੀ ਵਫ਼ਦ ਦੀ ਅਗਵਾਈ ਲੈਫਟੀਨੈਂਟ ਜਨਰਲ ਪੀਜੀਕੇ ਮੇਨਨ ਨੇ ਕੀਤੀ, ਜੋ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ ਹਨ। ਲਗਪਗ ਤਿੰਨ ਹਫ਼ਤੇ ਪਹਿਲਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਚੀਨੀ ਹਮ-ਅਹੁਦਾ ਵਾਂਗ ਈ ਨੂੰ ਕਿਹਾ ਸੀ ਕਿ ਪੂਰਬੀ ਲੱਦਾਖ 'ਚ ਬਾਕੀ ਦੇ ਮੁੱਦਿਆਂ ਦੇ ਜਲਦ ਹੱਲ ਲਈ ਦੋਵਾਂ ਧਿਰਾਂ ਨੂੰ ਕੰਮ ਕਰਨਾ ਚਾਹੀਦਾ ਹੈ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ 16 ਸਤੰਬਰ ਨੂੰ ਦੁਸ਼ਾਂਬੇ 'ਚ ਸ਼ੰਘਾਈ ਸਹਿਯੋਗ ਸੰਗਠਨ ਦੇ ਸ਼ਿਖਰ ਸੰਮੇਲਨ ਤੋਂ ਪਹਿਲਾਂ ਮੁਲਾਕਾਤ ਕੀਤੀ ਸੀ।
ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ 31 ਜੁਲਾਈ ਨੂੰ 12ਵੇਂ ਦੌਰ ਦੀ ਗੱਲਬਾਤ ਹੋਈ ਸੀ। ਇਸ ਦੇ ਕੁਝ ਦਿਨ ਬਾਅਦ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਨੇ ਗੋਗਰਾ ਤੋਂ ਆਪਣੇ ਫ਼ੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕੀਤੀ ਸੀ। ਇਸ ਨੂੰ ਖੇਤਰ 'ਚ ਸ਼ਾਂਤੀ ਤੇ ਸਥਿਰਤਾ ਦੀ ਬਹਾਲੀ ਦੀ ਦਿਸ਼ਾ 'ਚ ਜ਼ਿਕਰਯੋਗ ਕਦਮ ਮੰਨਿਆ ਗਿਆ ਸੀ। ਫ਼ੌਜ ਮੁਖੀ ਐੱਮਐੱਮ ਨਰਵਾਣੇ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਪੂਰਬੀ ਲੱਦਾਖ 'ਚ ਚੀਨ ਵੱਲੋਂ ਫ਼ੌਜੀ ਇਕੱਠ ਤੇ ਵਿਆਪਕ ਪੈਮਾਨੇ 'ਤੇ ਤਾਇਨਾਤੀ ਜੇ ਜਾਰੀ ਰਹਿੰਦੀ ਹੈ ਤਾਂ ਭਾਰਤੀ ਫ਼ੌਜ ਵੀ ਆਪਣੀ ਮੌਜੂਦਗੀ ਬਣਾਈ ਰੱਖੇਗੀ। ਚੀਨੀ ਫ਼ੌਜੀਆਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਦੀ ਦੋ ਹਾਲੀਆ ਘਟਨਾਵਾਂ ਦੀ ਪਿੱਠ-ਭੂਮੀ ਵਿਚ 13ਵੇਂ ਦੌਰ ਦੀ ਗੱਲਬਾਤ ਹੋਈ। ਪਹਿਲਾ ਮਾਮਲਾ ਉੱਤਰਾਖੰਡ ਦੇ ਬਾਰਾਹੋਤੀ ਸੈਕਟਰ 'ਚ ਤੇ ਦੂਜਾ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ 'ਚ ਸਾਹਮਣੇ ਆਇਆ ਸੀ।