MediaPunjab - ਐਸਸੀਓ ਸਿਖਰ ਸੰਮੇਲਨ ਵਿੱਚ ਮੋਦੀ ਨੇ ਉਠਾਿੲਆ ਮੁਲਕਾਂ ਦੀ ਖੁਦਮੁਖ਼ਤਾਰੀ ’ਚ ਦਖ਼ਲ ਦਾ ਮੁੱਦਾ
MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਐਸਸੀਓ ਸਿਖਰ ਸੰਮੇਲਨ ਵਿੱਚ ਮੋਦੀ ਨੇ ਉਠਾਿੲਆ ਮੁਲਕਾਂ ਦੀ ਖੁਦਮੁਖ਼ਤਾਰੀ ’ਚ ਦਖ਼ਲ ਦਾ ਮੁੱਦਾ

ਕਿੰਗਦਾਓ, 10 ਜੂਨ (ਮਪ) ਅੱਠ ਮੁਲਕਾਂ ਦੇ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ’ਚ ਭਾਰਤ ਇਕਲੌਤਾ ਮੁਲਕ ਰਿਹਾ ਜਿਸ ਨੇ ਚੀਨ ਦੀ ਮਨ ਇੱਛਤ ਪੱਟੀ ਅਤੇ ਸੜਕ ਪਹਿਲ (ਬੀਆਰਆਈ) ਦਾ ਵਿਰੋਧ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਕਿਸੇ ਵੀ ਜੋੜਨ ਵਾਲੇ ਵੱਡੇ ਪ੍ਰਾਜੈਕਟ ਨੂੰ ਮੁਲਕਾਂ ਦੀ ਖੁਦਮੁਖਤਿਆਰੀ ਅਤੇ ਇਲਾਕਾਈ ਅਖੰਡਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਦੋ ਦਿਨੀਂ ਸਿਖਰ ਸੰਮੇਲਨ ਦੀ ਸਮਾਪਤੀ ’ਤੇ ਅੱਜ ਸ੍ਰੀ ਮੋਦੀ ਸਮੇਤ ਸ਼ੰਘਾਈ ਸਹਿਯੋਗ ਸੰਗਠਨ ਦੇ ਆਗੂਆਂ ਨੇ ਐਲਾਨਨਾਮੇ ’ਤੇ ਦਸਤਖ਼ਤ ਕੀਤੇ। ਉਂਜ ਰੂਸ, ਪਾਕਿਸਤਾਨ, ਕਜ਼ਾਖ਼ਸਤਾਨ, ਉਜ਼ਬੇਕਿਸਤਾਨ, ਕਿਰਗਿਜ਼ਸਤਾਨ ਅਤੇ ਤਾਜਿਕਿਸਤਾਨ ਨੇ ਚੀਨ ਦੀ ਪੱਟੀ ਅਤੇ ਸੜਕ ਪਹਿਲ ਲਈ ਆਪਣੀ ਹਮਾਇਤ ਦਿੱਤੀ। ਸੰਮੇਲਨ ਦੌਰਾਨ ਆਪਣੇ ਸੰਬੋਧਨ ’ਚ ਸ੍ਰੀ ਮੋਦੀ ਨੇ ਬੀਆਰਆਈ ਦਾ ਸਿੱਧੇ ਤੌਰ ’ਤੇ ਹਵਾਲਾ ਦਿੰਦਿਆਂ ਭਰੋਸਾ ਦਿੱਤਾ ਕਿ ਭਾਰਤ ਅਜਿਹੇ ਪ੍ਰਾਜੈਕਟਾਂ ਨੂੰ ਹਮਾਇਤ ਦੇਵੇਗਾ ਜੋ ਸਮੁੱਚਤਾ ਨੂੰ ਯਕੀਨੀ ਬਣਾਉਂਦੇ ਹਨ। ਸ੍ਰੀ ਮੋਦੀ ਨੇ ਕਿਹਾ,‘‘ਗੁਆਂਢੀ ਮੁਲਕਾਂ ਨਾਲ ਸੰਪਰਕ ਮਾਰਗਾਂ ਰਾਹੀਂ ਜੁੜਨਾ ਭਾਰਤ ਦੀ ਪ੍ਰਾਥਮਿਕਤਾ ਹੈ। ਅਸੀਂ ਉਨ੍ਹਾਂ ਕੁਨੈਕਟੀਵਿਟੀ ਪ੍ਰਾਜੈਕਟਾਂ ਦਾ ਸਵਾਗਤ ਕਰਾਂਗੇ ਜਿਹੜੇ ਸਥਾਈ ਤੇ ਢੁੱਕਵੇਂ ਹਨ ਅਤੇ ਜੋ ਮੁਲਕਾਂ ਦੀ ਇਲਾਕਾਈ ਅਖੰਡਤਾ ਤੇ ਖੁਦਮੁਖਤਿਆਰੀ ਦਾ ਸਤਿਕਾਰ ਕਰਦੇ ਹਨ।’’ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਪ੍ਰਾਜੈਕਟ ਦਾ ਭਾਰਤ ਸਖ਼ਤ ਵਿਰੋਧੀ ਰਿਹਾ ਹੈ ਕਿਉਂਕਿ 50 ਅਰਬ ਡਾਲਰ ਦਾ ਚੀਨ ਪਾਕਿਸਤਾਨ ਆਰਥਿਕ ਲਾਂਘਾ, ਜੋ ਬੀਆਰਆਈ ਦਾ ਹਿੱਸਾ ਹੈ, ਮਕਬੂਜ਼ਾ ਕਸ਼ਮੀਰ (ਪੀਓਕੇ) ’ਚੋਂ ਗੁਜ਼ਰਦਾ ਹੈ। ਸ੍ਰੀ ਮੋਦੀ ਨੇ ਸ਼ੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਹਾਜ਼ਰੀ ’ਚ ਕਿਹਾ ਕਿ ਕੌਮਾਂਤਰੀ ਉੱਤਰ ਦੱਖਣ ਲਾਂਘਾ ਪ੍ਰਾਜੈਕਟ ’ਚ ਸ਼ਮੂਲੀਅਤ, ਚਾਹਬਹਾਰ ਬੰਦਰਗਾਹ ਦੇ ਵਿਕਾਸ ਅਤੇ ਅਸ਼ਗਾਬਾਤ ਸਮਝੌਤਿਆਂ ਨਾਲ ਭਾਰਤ ਦੀ ਜੋੜਨ ਵਾਲੇ ਪ੍ਰਾਜੈਕਟਾਂ ’ਚ ਵਚਨਬੱਧਤਾ ਦਿਖਾਈ ਦਿੰਦੀ ਹੈ। ਆਪਣੇ ਸੰਬੋਧਨ ’ਚ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਖੁਲ੍ਹ ਦਿਲੀ ਨਾਲ ਬੀਆਰਆਈ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਨਾਲ ਪਾਕਿਸਤਾਨ ਦੇ ਅਰਥਚਾਰੇ ’ਚ ਸੁਧਾਰ ਆ ਰਿਹਾ ਹੈ। ਸ਼ੰਘਾਈ ਸਹਿਯੋਗ ਸੰਗਠਨ ਦੇ ਐਲਾਨਨਾਮੇ ’ਚ ਕਿਹਾ ਗਿਆ ਕਿ ਮੈਂਬਰ ਮੁਲਕਾਂ ਨੇ ਬੀਆਰਆਈ ਅਤੇ ਯੂਰੇਸ਼ੀਅਨ ਆਰਥਿਕ ਯੂਨੀਅਨ ਦੇ ਵਿਕਾਸ ’ਚ ਸਹਿਯੋਗ ਦੀਆਂ ਕੋਸ਼ਿਸ਼ਾਂ ਸਮੇਤ ਇਨ੍ਹਾਂ ਨੂੰ ਲਾਗੂ ਕਰਨ ਦੀ ਸ਼ਲਾਘਾ ਕੀਤੀ ਹੈ। ਐਸਸੀਓ ਮੈਂਬਰ ਮੁਲਕਾਂ ਨੇ ਕੌਮਾਂਤਰੀ, ਖੇਤਰੀ ਅਤੇ ਕੌਮੀ ਵਿਕਾਸ ਦੇ ਪ੍ਰਾਜੈਕਟਾਂ ਅਤੇ ਰਣਨੀਤੀਆਂ ’ਚ ਸਹਿਯੋਗ ਦੀ ਸਮਰੱਥਾ ਬਾਰੇ ਵੀ ਸੰਕੇਤ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ‘ਸਕਿਓਰ’ ਦਾ ਜ਼ਿਕਰ ਕੀਤਾ ਅਤੇ ਇਸ ਬਾਰੇ ਵਿਸਥਾਰ ਨਾਲ ਸਮਝਾਉਂਦਿਆਂ ਕਿਹਾ,ਐਸ ਤੋਂ ਭਾਵ ਨਾਗਰਿਕਾਂ ਲਈ ਸੁਰੱਖਿਆ, ਈ ਤੋਂ ਮਤਲਬ ਆਰਥਿਕ ਵਿਕਾਸ, ਸੀ ਤੋਂ ਖੇਤਰ ’ਚ ਕੁਨੈਕਟੀਵਿਟੀ, ਯੂ ਤੋਂ ਏਕਤਾ, ਆਰ ਤੋਂ ਅਖੰਡਤਾ ਅਤੇ ਖੁਦਮੁਖਤਿਆਰੀ ਅਤੇ ਈ ਤੋਂ ਭਾਵ ਵਾਤਾਵਾਰਨ ਸੁਰੱਖਿਆ ਹੈ।