MediaPunjab - ਟਰੰਪ ਅਤੇ ਕਿਮ ਇਤਿਹਾਸਕ ਵਾਰਤਾ ਲਈ ਸਿੰਗਾਪੁਰ ਪੁੱਜੇ
MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਟਰੰਪ ਅਤੇ ਕਿਮ ਇਤਿਹਾਸਕ ਵਾਰਤਾ ਲਈ ਸਿੰਗਾਪੁਰ ਪੁੱਜੇ

ਸਿੰਗਾਪੁਰ, 10 ਜੂਨ (ਮਪ) ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉੱਤਰ ਕੋਰੀਆ ਦੇ ਆਗੂ ਕਿਮ ਜੌਂਗ ਉਨ ਮੰਗਲਵਾਰ ਨੂੰ ਹੋਣ ਵਾਲੀ ਇਤਿਹਾਸਕ ਵਾਰਤਾ ਲਈ ਅੱਜ ਸਿੰਗਾਪੁਰ ਪੁੱਜ ਗਏ ਹਨ। ਪਿਯੋਂਗਯਾਂਗ ਦੇ ਪਰਮਾਣੂ ਹਥਿਆਰਾਂ ਦੇ ਮੁੱਦੇ ’ਤੇ ਦੋਵੇਂ ਆਗੂਆਂ ਵੱਲੋਂ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ। ਟਰੰਪ ਕੈਨੇਡਾ ’ਚ ਜੀ7 ਦੀ ਬੈਠਕ ’ਚ ਹਾਜ਼ਰੀ ਭਰਨ ਮਗਰੋਂ ਸਿੱਧੇ ਹੀ ਏਅਰ ਫੋਰਸ ਵੰਨ ਜਹਾਜ਼ ਰਾਹੀਂ ਇਥੇ ਪੁੱਜੇ ਹਨ। ਇਸ ਤੋਂ ਕੁਝ ਘੰਟੇ ਪਹਿਲਾਂ ਜੈੱਟ ਰਾਹੀਂ ਕਿਮ ਸਿੰਗਾਪੁਰ ਪਹੁੰਚ ਗਏ ਅਤੇ ਵਿਦੇਸ਼ ਮੰਤਰੀ ਨਾਲ ਹੱਥ ਮਿਲਾਉਣ ਮਗਰੋਂ ਉਹ ਸਿੱਧੇ ਸੇਂਟ ਰੇਗਿਸ ਹੋਟਲ ਲਈ ਰਵਾਨਾ ਹੋ ਗਏ। ਹੋਟਲ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ਾਮ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨਾਲ ਮੁਲਾਕਾਤ ਦੌਰਾਨ ਕਿਮ ਮੁਸਕਰਾਉਂਦੇ ਨਜ਼ਰ ਆਏ। ਕਿਮ ਨੇ ਦੁਭਾਸ਼ੀਏ ਰਾਹੀਂ ਲੀ ਨੂੰ ਦੱਸਿਆ, ਸਾਰੀ ਦੁਨੀਆ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਕਾਰ ਹੋਣ ਵਾਲੀ ਇਤਿਹਾਸਕ ਸਿਖਰ ਵਾਰਤਾ ’ਤੇ ਨਜ਼ਰਾਂ ਟਿਕਾਈ ਬੈਠੀ ਹੈ। ਤੁਹਾਡੀਆਂ ਸੁਹਿਰਦ ਕੋਸ਼ਿਸ਼ਾਂ ਲਈ ਧੰਨਵਾਦ ਜਿਸ ਕਰਕੇ ਅਸੀਂ ਇਤਿਹਾਸਕ ਸਿਖਰ ਵਾਰਤਾ ਦੀਆਂ ਤਿਆਰੀਆਂ ਮੁਕੰਮਲ ਕਰਨ ’ਚ ਕਾਮਯਾਬ ਰਹੇ। ਟਰੰਪ ਵੱਲੋਂ ਭਲਕੇ ਲੀ ਨਾਲ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਆਸ ਜਤਾਈ ਕਿ ਉਹ ਉੱਤਰੀ ਕੋਰੀਆ ਨਾਲ ਇਤਿਹਾਸ ਬਣਾਉਣ ਵਾਲਾ ਸਮਝੌਤਾ ਕਰਨ ’ਚ ਸਫ਼ਲ ਰਹਿਣਗੇ ਜਿਸ ਨਾਲ ਉਹ (ਉੱਤਰੀ ਕੋਰੀਆ) ਪਰਮਾਣੂ ਹਥਿਆਰ ਤਿਅਾਗਣ ਲਈ ਤਿਆਰ ਹੋਵੇਗਾ। ਉਧਰ ਤਿੰਨ ਹਜ਼ਾਰ ਪੱਤਰਕਾਰ ਕਿਮ ਅਤੇ ਟਰੰਪ ਦੀ ਮਿਲਣੀ ਨੂੰ ਕਵਰ ਕਰਨ ਲਈ ਸਿੰਗਾਪੁਰ ਪਹੁੰਚ ਗਏ ਹਨ।