MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਡਾ. ਸਾਹਿਲ ਦੀ ਪੁਸਤਕ "ਕੰਢੀ ਦੀਆਂ ਵਿਲੱਖਣਤਾਵਾਂ ਅਤੇ ਵਿਭਿੰਨਤਾਵਾਂ" ਬਲਜਿੰਦਰ ਮਾਨ ਅਤੇ ਪ੍ਰੇਮ ਸਾਹਿਲ ਵੱਲੋਂ ਜਾਰੀ

ਗੜਸ਼ੰਕਰ 24 ਅਕਤੂਬਰ (ਅਸ਼ਵਨੀ ਸ਼ਰਮਾਂ) ਡਾ. ਧਰਮਪਾਲ ਸਾਹਿਲ ਨੇ ਕੰਢੀ ਖੇਤਰ ਤੇ ਬਹੁਤ ਹੀ ਸ਼ਾਨਦਾਰ ਖੋਜ ਕਾਰਜ ਕੀਤਾ ਹੈ। ਇਹ ਵਿਚਾਰ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ  ਬਲਜਿੰਦਰ ਮਾਨ ਨੇ ਡਾ. ਧਰਮਪਾਲ ਸਾਹਿਲ ਦੀ ਪੁਸਤਕ 'ਕੰਢੀ ਦੀਆਂ ਵਿਲੱਖਣਤਾਵਾਂ ਤੇ ਵਿਭਿੰਨਤਾਵਾਂ' ਨੂੰ ਜਾਰੀ ਕਰਦਿਆਂ ਕਰੂੰਬਲਾਂ ਭਵਨ ਮਾਹਲਪੁਰ ਵਿੱਚ ਆਖੇ। ਉਨ੍ਹਾਂ ਅੱਗੇ ਕਿਹਾ ਕਿ ਡਾ ਸਾਹਿਲ ਨੇ ਇਸ ਇਲਾਕੇ ਨੂੰ ਆਪਣੀਆਂ ਖੋਜ ਭਰਪੂਰ ਪੁਸਤਕਾਂ ਅਤੇ ਨਾਵਲਾਂ ਰਾਹੀਂ ਪੂਰੀ ਦੁਨੀਆਂ ਵਿੱਚ ਚਰਚਿਤ ਹੀ ਨਹੀਂ ਕੀਤਾ ਸਗੋਂ ਭਾਰਤ  ਤੇ ਪੰਜਾਬ ਸਰਕਾਰ ਨੂੰ ਇਸ ਖਿੱਤੇ ਵੱਲ ਵਿਸ਼ੇਸ਼ ਗੌਰ ਕਰਨ ਲਈ ਵੀ ਤਿਆਰ ਕੀਤਾ ਹੈ।  ਇਹ ਇਲਾਕਾ ਜਿੱਥੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ ਉੱਥੇ ਇਤਿਹਾਸਕ ਮਿਥਿਹਾਸਕ ਤੇ ਵਿਰਾਸਤੀ ਕਦਰਾਂ ਕੀਮਤਾਂ ਵੀ ਸੰਭਾਲੀ ਬੈਠਾ ਹੈ। ਪੁਸਤਕ ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਦੇਹਰਾਦੂਨ ਦੇ ਸ਼ਾਇਰ ਪ੍ਰੇਮ ਸਾਹਿਲ ਨੇ ਕਿਹਾ ਕਿ ਲੇਖਕ ਨੇ ਜੀਵਨ ਵਿੱਚ ਹਰ ਖੇਤਰ ਨਾਲ ਸੰਬੰਧਤ ਸ਼ਾਨਦਾਰ ਕਿਰਤਾਂ ਰਚੀਆਂ ਹਨ।ਪਥਰਾਟ ਅਤੇ ਕੁਆਰ ਝਾਤ ਵਰਗੇ ਨਾਵਲ ਬਹੁਤ ਮਸ਼ਹੂਰ ਹੋਏ ਹਨ।ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਆਯੋਜਿਤ ਇਸ ਸਮਾਰੋਹ ਵਿਚ ਸਭ ਦਾ ਸੁਆਗਤ ਕਰਦਿਆਂ ਪ੍ਰਿੰਸੀਪਲ ਮਨਜੀਤ ਕੌਰ ਨੇ ਕਿਹਾ ਕਿ ਸਾਨੂੰ ਮਿਆਰੀ ਸਾਹਿਤ ਨੂੰ ਹਮੇਸ਼ਾਂ ਉਤਸ਼ਾਹਿਤ ਕਰਨਾ ਚਾਹੀਦਾ ਹੈ।ਇਸ ਮੌਕੇ ਦਿਲਚਸਪ ਕਵਿਤਾਵਾਂ ਪੇਸ਼ ਕਰਨ ਵਾਲਿਆਂ ਵਿੱਚ ਪੰਮੀ ਖੁਸ਼ਹਾਲਪੁਰੀ, ਸੁਖਮਨ ਸਿੰਘ, ਪਵਨ ਸਕਰੂਲੀ ਅਤੇ ਮਨਜਿੰਦਰ ਸਿੰਘ ਨੇ ਭਰਪੂਰ ਹਾਜ਼ਰੀ ਲਗਵਾਈ। ਬੱਗਾ ਸਿੰਘ ਆਰਟਿਸਟ ਨੇ ਪੁਸਤਕ ਬਾਰੇ  ਬੋਲਦਿਆਂ ਕਿਹਾ ਕਿ ਇਸ ਪੁਸਤਕ ਦਾ ਪਾਠ ਕਰਦਿਆਂ ਪੂਰੇ ਕੰਢੀ ਇਲਾਕੇ ਦੇ ਸੈਰ ਹੋ ਜਾਂਦੀ ਹੈ।ਇਸ ਮੌਕੇ ਚੈਂਚਲ ਸਿੰਘ ਬੈਂਸ, ਰਘੁਵੀਰ ਸਿੰਘ ਕਲੋਆ ,ਹਰਵੀਰ ਮਾਨ, ਕੁਲਦੀਪ ਕੌਰ ਬੈਂਸ ,ਹਰਮਨਪ੍ਰੀਤ ਕੌਰ, ਰਵਨੀਤ ਕੌਰ ਸਮੇਤ ਇਲਾਕੇ ਦੇ ਕਈ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਉਚੇਚੇ ਤੌਰ ਤੇ ਸ਼ਾਮਲ ਹੋਏ।