MediaPunjab - ਦਖਣੀ ਕੋਰੀਆ ਨਾਲ ਫ਼ੌਜੀ ਅਭਿਆਸ  ਬੰਦ ਹੋਣਗੀਆਂ - ਟਰੰਪ
MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਦਖਣੀ ਕੋਰੀਆ ਨਾਲ ਫ਼ੌਜੀ ਅਭਿਆਸ  ਬੰਦ ਹੋਣਗੀਆਂ - ਟਰੰਪ

ਸਿੰਗਾਪੁਰ, 12 ਜੂਨ (ਮਪ) ਡੋਨਾਲਡ ਟਰੰਪ ਨੇ ਕਿਮ ਨਾਲ ਗੱਲਬਾਤ ਮਗਰੋਂ ਕਿਹਾ ਕਿ ਅਮਰੀਕਾ ਕੋਰੀਆਈ ਪ੍ਰਾਇਦੀਪ ਵਿਚ ਫ਼ੌਜੀ ਅਭਿਆਸ ਬੰਦ ਕਰ ਦੇਵੇਗਾ। ਉਨ੍ਹਾਂ ਕਿਹਾ, 'ਅਸੀਂ ਫ਼ੌਜੀ ਅਭਿਆਸ ਬੰਦ ਕਰ ਦੇਵਾਂਗ ਜਿਸ ਨਾਲ ਸਾਡੇ ਕਾਫ਼ੀ ਧਨ ਦੀ ਬਚਤ ਹੋਵੇਗੀ। ਅਸੀਂ ਇਹ ਅਭਿਆਸ ਬੰਦ ਕਰਨ ਲਈ ਸਹਿਮਤ ਹੋਏ ਹਾਂ ਕਿਉਂਕਿ ਉੱਤਰ ਕੋਰੀਆ ਇਸ ਨੂੰ ਉਕਸਾਉਣ ਵਾਲੀ ਕਾਰਵਾਈ ਮੰਨਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਦਖਣੀ ਕੋਰੀਆ ਵਿਚ ਤੈਨਾਤ ਅਮਰੀਕੀ ਫ਼ੌਜੀਆਂ ਨੂੰ ਵਾਪਸ ਬੁਲਾਉਣਾ ਚਾਹੁੰਦੇ ਹਨ ਜਿਵੇਂ ਉਨ੍ਹਾਂ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ। ਅਮਰੀਕਾ ਅਤੇ ਦਖਣੀ ਕੋਰੀਆ ਸੁਰੱਖਿਆ ਦੇ ਮਾਮਲੇ ਵਿਚ ਸਹਿਯੋਗੀ ਮੁਲਕ ਹਨ। ਕਰੀਬ 30 ਹਜ਼ਾਰ ਅਮਰੀਕੀ ਫ਼ੌਜੀ ਦਖਣੀ ਕੋਰੀਆ ਵਿਚ ਤੈਨਾਤ ਹਨ। ਉਹ ਉੱਤਰ ਕੋਰੀਆ ਤੋਂ ਉਸ ਨੂੰ ਬਚਾਉਣ ਲਈ ਰੱਖੇ ਗਏ ਹਨ ਜਿਸ ਨੇ 1950 ਵਿਚ ਹਮਲਾ ਕੀਤਾ ਸੀ। ਕਿਮ ਨੇ ਅਨੁਵਾਦਕ ਜ਼ਰੀਏ ਕਿਹਾ, 'ਅਤੀਤ ਨੇ ਸਾਡੇ ਰਾਹ ਵਿਚ ਕਈ ਅੜਿੱਕੇ ਪੈਦਾ ਕੀਤੇ ਪਰ ਅਸੀਂ ਉਨ੍ਹਾਂ ਸਾਰਿਆਂ ਨੂੰ ਪਾਰ ਕੀਤਾ ਅਤੇ ਅੱਜ ਅਸੀਂ ਇਥੇ ਹਾਂ ਪਰ ਇਥੇ ਆਉਣਾ ਸੌਖਾ ਨਹੀਂ ਸੀ।' ਫਿਰ ਟਰੰਪ ਨੇ ਕਿਹਾ, 'ਤੁਹਾਡਾ ਧਨਵਾਦ'। ਪੱਤਰਕਾਰਾਂ ਨੇ ਕਿਮ ਨੂੰ ਤਿੰਨ ਵਾਰ ਪੁਛਿਆ ਕਿ ਉਹ ਪਰਮਾਣੂ ਹਥਿਆਰ ਛੱਡ ਦੇਣਗੇ, ਇਸ ਦੇ ਜਵਾਬ ਵਿਚ ਉਹ ਮੁਸਕਰਾਉਂਦੇ ਰਹੇ।ਸਤਿਕਾਰ ਵਜੋਂ ਸੱਤ ਮਿੰਟ ਪਹਿਲਾਂ ਪਹੁੰਚੇ ਕਿਮ: ਕਿਮ ਅਸਲ ਵਿਚ ਗੱਲਬਾਤ ਵਾਲੀ ਥਾਂ ਟਰੰਪ ਤੋਂ ਸੱਤ ਮਿੰਟ ਪਹਿਲਾਂ ਪਹੁੰਚ ਗਏ ਸਨ। ਅਜਿਹਾ ਉਨ੍ਹਾਂ ਨੇ ਸਤਿਕਾਰ ਵਜੋਂ ਕੀਤਾ ਕਿਉਂਕਿ ਇਹ ਰਿਵਾਜ ਹੈ ਕਿ ਨੌਜਵਾਨ ਬਜ਼ੁਰਗਾਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਲਈ ਉਨ੍ਹਾਂ ਤੋਂ ਪਹਿਲਾਂ ਪਹੁੰਚਦੇ ਹਨ। ਟਰੰਪ ਨੇ ਜਿਹੜੀ ਲਾਲ ਟਾਈ ਪਾਈ ਹੋਈ ਸੀ, ਉਹ ਵੀ ਕਿਮ ਪ੍ਰਤੀ ਸਤਿਕਾਰ ਪ੍ਰਗਟ ਕਰਨ ਵਾਲੀ ਹੋ ਸਕਦੀ ਹੈ ਕਿਉਂਕਿ ਉੱਤਰ ਕੋਰੀਆਈ ਇਸ ਰੰਗ ਨੂੰ ਪਸੰਦ ਕਰਦੇ ਹਨ।