MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਟਿਕਰੀ ਬਾਰਡਰ ’ਤੇ 3 ਕਿਸਾਨ ਬੀਬੀਆਂ ਨੂੰ ਟਰੱਕ ਥੱਲੇ ਦਰੜ ਕੇ ਮਾਰ ਦੇਣ ਦੀ ਅਣਮਨੁੱਖ਼ੀ ਕਾਰਵਾਈ ਦੀ ਉੱਚ ਪੱਧਰੀ ਜਾਂਚ ਹੋਵੇ: ਸਿਮਰਨਜੀਤ ਸਿੰਘ ਮਾਨ

ਮੋਰਿੰਡਾ , 30 ਅਕਤੂਬਰ, ( ਭਟੋਆ  ) “ਦਿੱਲੀ ਟਿਕਰੀ, ਸਿੰਘੂ, ਗਾਜੀਪੁਰ ਬਾਰਡਰਾਂ ਉਤੇ 11 ਮਹੀਨੇ ਤੋਂ ਸਮੁੱਚੇ ਮੁਲਕ ਦੇ ਕਿਸਾਨਾਂ-ਮਜ਼ਦੂਰ, ਕਿਸਾਨਾਂ ਨੂੰ ਮਾਲੀ, ਸਮਾਜਿਕ ਤੌਰ ਤੇ ਘਸਿਆਰੇ ਬਣਾਉਣ ਹਿੱਤ ਇੰਡੀਆਂ ਦੀ ਮੋਦੀ ਹਕੂਮਤ ਵੱਲੋਂ ਬਣਾਏ ਗਏ ਤਿੰਨ ਕਿਸਾਨ ਮਾਰੂ ਕਾਨੂੰਨਾਂ ਨੂੰ ਪੂਰਨ ਰੂਪ ਵਿਚ ਰੱਦ ਕਰਨ ਲਈ ਸਰਦੀ-ਗਰਮੀ, ਮੀਹ-ਝੱਖੜ, ਹਨ੍ਹੇਰੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਧਰਨੇ ਉਤੇ ਬੈਠੇ ਹਨ ਅਤੇ ਆਪਣਾ ਇਨਸਾਫ਼ ਲੈਣ ਲਈ ਸੰਘਰਸ਼ ਕਰ ਰਹੇ ਹਨ।

ਪਰ ਦੁੱਖ ਅਤੇ ਅਫ਼ਸੋਸ ਹੈ ਕਿ ਮੋਦੀ ਹਕੂਮਤ ਇਨ੍ਹਾਂ ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨ-ਮਜ਼ਦੂਰਾਂ ਦੀ ਗੱਲ ਸੁਣਨ ਦੀ ਬਜਾਇ ਤਾਨਾਸ਼ਾਹੀ ਸੋਚ ਤੇ ਅਮਲਾਂ ਰਾਹੀ ਗੈਰ ਕਾਨੂੰਨੀ ਅਤੇ ਅਣਮਨੁੱਖੀ ਕਾਰਵਾਈਆ ਕਰਕੇ ਉਨ੍ਹਾਂ ਉਤੇ ਅਸਹਿ ਅਤੇ ਅਕਹਿ ਜ਼ਬਰ-ਜੁਲਮ ਕਰਦੇ ਆ ਰਹੇ ਹਨ ਅਤੇ ਉਹ ਹਰ ਹੱਥਕੰਡਾ ਵਰਤਿਆ ਜਾ ਰਿਹਾ ਹੈ ਜਿਸ ਨਾਲ ਕੌਮਾਂਤਰੀ ਪੱਧਰ ਉਤੇ ਜਮਹੂਰੀਅਤ ਢੰਗ ਨਾਲ ਚੱਲ ਰਹੇ ਇਸ ਕਿਸਾਨ-ਮਜਦੂਰ ਸੰਘਰਸ਼ ਨੂੰ ਬਦਨਾਮ ਕਰਕੇ ਇਥੋਂ ਕਿਸਾਨਾਂ ਅਤੇ ਮਜਦੂਰਾਂ ਨੂੰ ਜ਼ਬਰੀ ਵਾਪਸ ਭੇਜਿਆ ਜਾ ਸਕੇ । ਇਥੋਂ ਤੱਕ ਕਿ ਅਜਿਹੇ ਅਮਲਾਂ ਲਈ ਇੰਡੀਆਂ ਦੀ ਸੁਪਰੀਮ ਕੋਰਟ ਵਰਗੀ ਮੁੱਖ ਅਦਾਲਤ ਅਤੇ ਜੱਜਾਂ ਦੀ ਵੀ ਹੁਕਮਰਾਨ ਦੁਰਵਰਤੋਂ ਕਰਨ ਵਿਚ ਮਸਰੂਫ ਹਨ ।

ਲੇਕਿਨ ਕਿਸਾਨ-ਮਜਦੂਰ, ਪੰਜਾਬੀਆਂ ਅਤੇ ਸਿੱਖ ਕੌਮ ਵੱਲੋ ਹਰ ਪੱਖੋ ਜਾਗਰੂਕ ਹੋਣ ਦੀ ਬਦੌਲਤ ਹੁਕਮਰਾਨ ਆਪਣੇ ਮੰਦਭਾਵਨਾ ਭਰੇ ਮਿਸਨ ਵਿਚ ਕਾਮਯਾਬ ਨਹੀਂ ਹੋ ਸਕੇ । ਇਸ ਸੋਚ ਉਤੇ ਚੱਲਦੇ ਹੋਏ ਪਹਿਲੇ ਬਾਰਡਰਾਂ ਉਤੇ ਬੈਠੇ ਕਿਸਾਨਾਂ-ਮਜ਼ਦੂਰਾਂ ਦੇ ਕੈਪਾਂ ਉਤੇ ਪੁਲਿਸ ਦੀਆਂ ਵਰਦੀਆਂ ਪਵਾਕੇ ਬੀਜੇਪੀ-ਆਰ.ਐਸ.ਐਸ. ਦੇ ਮੈਬਰਾਂ ਰਾਹੀ ਜ਼ਬਰ-ਜੁਲਮ ਕੀਤਾ ਗਿਆ । ਫਿਰ ਲਖੀਮਪੁਰ ਖੀਰੀ ਵਿਖੇ ਅਮਨਮਈ ਢੰਗ ਨਾਲ ਰੋਸ ਕਰ ਰਹੇ ਕਿਸਾਨਾਂ ਉਤੇ ਗੱਡੀ ਚਾੜਕੇ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ।

ਹੁਣੇ ਹੀ ਬੀਤੇ ਦਿਨੀਂ ਟਿਕਰੀ ਬਾਰਡਰ ਉਤੇ ਕਿਸਾਨਾਂ ਨਾਲ ਧਰਨਾਂ ਦੇ ਰਹੀਆ ਬੀਬੀਆ ਜੋ ਡਿਵਾਇਡਰ ਉਤੇ ਬੈਠੀਆ ਬੱਸ ਦਾ ਇਤਜਾਰ ਕਰ ਰਹੀਆ ਸਨ, ਉਨ੍ਹਾਂ ਉਤੇ ਟਰੱਕ ਚੜ੍ਹਾਕੇ ਸ਼ਹੀਦ ਕਰ ਦਿੱਤਾ ਅਤੇ ਦੋ ਬੀਬੀਆਂ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਗਿਆ । ਇਹ ਅਮਲ ਹਕੂਮਤੀ ਸਾਜ਼ਿਸ ਦਾ ਹਿੱਸਾ ਹੋ ਸਕਦੇ ਹਨ । ਇਸ ਲਈ ਬੀਬੀਆਂ ਨੂੰ ਦਰੇੜਕੇ ਮਾਰਨ ਦੀ ਦਿੱਲੀ ਸਰਕਾਰ ਅਤੇ ਸੈਂਟਰ ਸਰਕਾਰ ਨਿਰਪੱਖਤਾ ਨਾਲ ਜਾਂਚ ਕਰਵਾਏ ਅਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆ ਜਾਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਦਿੱਲੀ ਟਿਕਰੀ ਬਾਰਡਰ ਉਤੇ ਕਿਸਾਨਾਂ ਨਾਲ ਧਰਨਾਂ ਦੇ ਰਹੀਆ ਮਾਨਸਾ ਜ਼ਿਲ੍ਹੇ ਦੀਆਂ ਬੀਬੀਆਂ ਅਮਰਜੀਤ ਕੌਰ, ਗੁਰਮੇਲ ਕੌਰ ਅਤੇ ਸੁਖਵਿੰਦਰ ਕੌਰ ਨੂੰ ਟਰੱਕ ਰਾਹੀ ਦਰੇੜਕੇ ਮਾਰਨ ਅਤੇ ਦੋ ਬੀਬੀਆਂ ਨੂੰ ਬੁਰੀ ਤਰ੍ਹਾਂ ਜਖ਼ਮੀ ਕਰਨ ਦੀ ਹਕੂਮਤੀ ਸਾਜ਼ਿਸ ਉਤੇ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਅਤੇ ਇਸਦੀ ਉੱਚ ਪੱਧਰੀ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਖਤ ਤੋ ਸਖਤ ਸਜਾਵਾਂ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਕਿਹਾ ਕਿ ਜਦੋਂ ਹਿੰਦ ਦਾ ਵਿਧਾਨ ਆਰਟੀਕਲ 19 ਰਾਹੀ ਇਥੋਂ ਦੇ ਨਾਗਰਿਕਾਂ ਨੂੰ ਕਿਸੇ ਵੀ ਵਿਸੇ ਉਤੇ ਅਮਨਮਈ ਢੰਗ ਨਾਲ ਰੋਸ਼ ਮੁਜਾਹਰੇ ਕਰਨ, ਆਪਣੇ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਦਿੰਦਾ ਹੈ, ਫਿਰ ਕਿਸਾਨ-ਮਜਦੂਰਾਂ ਦੇ ਚੱਲ ਰਹੇ ਅਮਨਮਈ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਹੁਕਮਰਾਨ ਕਦੀ ਕਿਸਾਨਾਂ ਨੂੰ ਗੱਡੀਆਂ ਚਾੜਕੇ, ਕਦੀ ਬੀਬੀਆਂ ਨੂੰ ਗੱਡੀ ਚਾੜਕੇ ਮਾਰ ਦੇਣ ਅਤੇ ਜਖ਼ਮੀ ਕਰ ਦੇਣ ਦੇ ਅਣਮਨੁੱਖੀ ਅਮਲ ਕਿਸ ਸੋਚ ਅਧੀਨ ਜ਼ਬਰ-ਜੁਲਮ ਕਰ ਰਹੇ ਹਨ ? ਸ. ਮਾਨ ਨੇ ਉਪਰੋਕਤ ਸੰਬੰਧਤ ਮਾਨਸਾ ਜ਼ਿਲ੍ਹੇ ਦੀਆਂ ਤਿੰਨੇ ਬੀਬੀਆਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਮਦਦ ਅਤੇ ਇਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ ਦੀ ਸੈਂਟਰ ਅਤੇ ਦਿੱਲੀ ਦੀ ਸਰਕਾਰ ਤੋਂ ਸੰਜ਼ੀਦਾ ਮੰਗ ਕੀਤੀ।