MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬੁਰਹਾਨੀ ਵਾਨੀ ਦੀ ਬਰਸੀ 'ਤੇ ਘਾਟੀ 'ਚ ਇੰਟਰਨੈਟ ਸੇਵਾ ਬੰਦ, ਇਕ ਦਿਨ ਲਈ ਰੋਕੀ ਅਮਰਨਾਥ ਯਾਤਰਾ

ਸ੍ਰੀਨਗਰ 8 ਜੁਲਾਈ (ਮਪ) ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅਤਿਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਦੂਜੀ ਬਰਸੀ 'ਤੇ ਕਸ਼ਮੀਰ ਘਾਟੀ ਵਿਚ ਸੰਵੇਦਨਸ਼ੀਲ ਥਾਵਾਂ 'ਤੇ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤ ਕਰ ਦਿਤੀ ਹੈ। ਵੱਖਵਾਦੀਆਂ ਵਲੋਂ ਬੁਲਾਈ ਗਈ ਹੜਤਾਲ ਦੇ ਮੱਦੇਨਜ਼ਰ ਅੇਤਵਾਰ ਨੂੰ ਇਕ ਦਿਨ ਦੇ ਲਈ ਅਮਰਨਾਥ ਯਾਤਰਾ ਮੁਲਤਵੀ ਕਰ ਦਿਤੀ ਗਈ ਹੈ। ਇਹਤਿਆਤ ਦੇ ਤੌਰ 'ਤੇ ਕਸ਼ਮੀਰ ਘਾਟੀ ਵਿਚ ਮੋਬਾਈਲ ਇੰਟਰਨੈੱਟ ਸੇਵਾ ਵੀ ਸਸਪੈਂਡ ਕਰ ਦਿਤੀ ਗਈ ਹੈ। ਹਾਲਾਂਕਿ ਬੀਐਸਐਨਐਲ ਦੀ ਬ੍ਰਾਡਬੈਂਡ ਸੇਵਾ 'ਤੇ ਕੋਈ ਰੋਕ ਨਹੀਂ ਹੈ। ਪੁਲਿਸ ਮੁਖੀ ਐਸਪੀ ਵੈਦ ਨੇ ਸ਼ਨੀਵਾਰ ਨੂੰ ਦਸਿਆ ਸੀ ਕਿ ਤੁਹਾਨੂੰ ਪਤਾ ਹੈ ਕਿ ਜੰਮੂ ਕਸ਼ਮੀਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਚੰਗੀ ਨਹੀਂ ਹੈ ਅਤੇ ਸਾਡਾ ਯਤਨ ਤੀਰਥ ਯਾਤਰੀਆ ਲਈ ਸੁਰੱਖਿਅਤ ਯਾਤਰਾ ਯਕੀਨੀ ਕਰਨਾ ਹੈ। ਉਨ੍ਹਾਂ ਐਤਵਾਰ ਦੀ ਹੜਤਾਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਅਜਿਹੇ ਵਿਚ ਸਾਨੂੰ ਯਾਤਰਾ ਰੋਕਣੀ ਪਈ ਹੈ। ਸਾਡਾ ਕਰਤੱਵ ਤੀਰਥ ਯਾਤਰੀਆਂ ਦੀ ਸੁਰੱਖਿਆ ਯਕੀਨੀ ਕਰਨਾ ਹੈ। ਉਹ ਸ਼ਨੀਵਾਰ ਨੂੰ ਕਠੂਆ ਗਏ ਅਤੇ ਦੇਸ਼ ਭਰ ਤੋਂ ਇਸ ਅਮਰਨਾਥ ਯਾਤਰਾ ਦੇ ਲਈ ਆ ਰਹੇ ਤੀਰਥ ਯਾਤਰੀਆਂ ਲਈ ਕੀਤੇ ਗਏ ਇੰਤਜ਼ਾਮਾਂ ਦੀ ਸਮੀਖਿਆ ਕੀਤੀ।
ਇਕ ਪੁਲਿਸ ਬੁਲਾਰੇ ਨੇ ਦਸਿਆ ਕਿ ਪੁਲਿਸ ਮੁਖੀ ਨੇ ਹੋਰ ਸਥਾਨਾਂ ਦੇ ਨਾਲ ਜੰਮੂ ਕਸ਼ਮੀਰ ਵਿਚ ਪ੍ਰਵੇਸ਼ ਦੇ ਲਈ ਦੁਆਰ ਸਮਝੇ ਜਾਣ ਵਾਲੇ ਲਖਨਪੁਰ ਰਿਸਪੈਸ਼ਨ ਸੈਂਟਰ 'ਤੇ ਸੁਰੱਖਿਆ ਇੰਤਜ਼ਾਮਾਂ ਦੀ ਸਮੀਖਿਆ ਕੀਤੀ। ਵੈਦ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਸਾਡੀ ਪਹਿਲ ਹੈ। ਉਨ੍ਹਾਂ ਕਿਹਾ ਕਿ ਮੇਰੀ ਤੀਰਥ ਯਾਤਰੀਆਂ ਨੂੰ ਅਪੀਲ ਹੈ ਕਿ ਉਨ੍ਹਾਂ ਨੂੰ ਘਾਟੀ ਦੀ ਕਾਨੂੰਨ ਵਿਵਸਥਾ ਨੂੰ ਧਿਆਨ ਵਿਚ ਰੱਖ ਕੇ ਸਾਡੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਜੰਮੂ ਕਸ਼ਮੀਰ ਪੁਲਿਸ ਨੇ ਦਸਿਆ ਕਿ ਕੁਲਗਾਮ ਜ਼ਿਲ੍ਹੇ ਵਿਚ 3 ਆਮ ਨਾਗਰਿਕਾਂ ਦੀ ਮੌਤ ਦੇ ਮੱਦੇਨਜ਼ਰ ਸਮੁੱਚੀ ਕਸ਼ਮੀਰ ਘਾਟੀ ਇਲਾਕੇ ਵਿਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਕਰ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਤਿੰਨੇ ਆਮ ਨਾਗਰਿਕ ਸੁਰੱਖਿਆ ਬਲਾਂ ਅਤੇ ਪੱਥਰਬਾਜ਼ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਸੰਘਰਸ਼ ਦੌਰਾਨ ਕਥਿਤ ਤੌਰ 'ਤੇ ਸੁਰੱਖਿਆ ਬਲਾਂ ਦੀ ਫਾਈਰਿੰਗ ਵਿਚ ਮਾਰੇ ਗਏ ਸਨ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਕਸ਼ਮੀਰ ਘਾਟੀ ਵਿਚ ਮੋਬਾਈਲ ਇੰਟਰਨੈਟ ਸੇਵਾ ਸਸਪੈਂਡ ਕਰ ਦਿਤੀ ਗਈ ਹੈ, ਹਾਲਾਂਕਿ ਬੀਐਸਐਨਐਲ ਲੈਂਡਲਾਈਨਾਂ 'ਤੇ ਬ੍ਰਾਡਬੈਂਡ ਸੇਵਾ ਕੰਮ ਕਰਦੀ ਰਹੇਗੀ। ਅਧਿਕਾਰੀ ਨੇ ਦਸਿਆ ਕਿ ਲਾਅ ਐਂਡ ਆਰਡਰ ਨੂੰ ਬਣਾਏ ਰੱਖਣ ਲਈ ਮੋਬਾਈਲ ਇੰਟਰਨੈਟ ਸਰਵਿਸ ਨੂੰ ਇਹਤਿਆਤ ਦੇ ਤੌਰ 'ਤੇ ਬੰਦ ਕੀਤਾ ਗਿਆ ਹੈ। ਅਤਿਵਾਦੀ ਬੁਰਹਾਨ ਵਾਨੀ ਦੀ ਦੂਜੀ ਬਰਸੀ ਦੇ ਮੱਦੇਨਜ਼ਰ ਕਸ਼ਮੀਰ ਘਾਟੀ ਦੇ ਕੁੱਝ ਇਲਾਕਿਆਂ ਵਿਚ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਜ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਦੱਖਣੀ ਕਸ਼ਮੀਰ ਦੇ ਕੁੱਝ ਇਲਾਕਿਆਂ ਵਿਚ ਪਾਬੰਦੀਆਂ ਲਗਾਈਆਂ ਗਈਆਂ ਹਨ। ਇਥੋਂ ਦੀਆਂ ਇੰਟਰਨੈਟ ਸੇਵਾਵਾਂ ਵੀ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਘਾਟੀ ਵਿਚ ਸੰਵੇਦਨਸ਼ੀਲ ਥਾਵਾਂ 'ਤੇ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੁਰੱਖਿਆ ਬਲਾਂ ਨੇ 8 ਜੁਲਾਈ 2016 ਨੂੰ ਤ੍ਰਾਲ ਦਾ ਰਹਿਣ ਵਾਲੇ ਵਾਨੀ ਨੂੰ ਦੱਖਣੀ ਕਸ਼ਮੀਰ ਦੇ ਆਨੰਤਨਾਗ ਜ਼ਿਲ੍ਹੇੇ ਦੇ ਕੋਕਰਨਾਗ ਇਲਾਕੇ ਵਿਚ ਮੁਠਭੇੜ ਦੌਰਾਨ ਮਾਰ ਗਿਰਾਇਆ ਸੀ। ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਘਾਟੀ ਵਿਚ ਅਤਿਵਾਦ ਦਾ ਪੋਸਟਰ ਬੋਆਏ ਸੀ। ਉਸ ਦੀ ਮੌਤ ਤੋਂ ਬਾਅਦ ਘਾਟੀ ਵਿਚ ਜਗ੍ਹਾ ਜਗ੍ਹਾ ਹਿੰਸਕ ਪ੍ਰਦਰਸ਼ਨ ਹੋਏ ਸਨ ਅਤੇ ਲੰਬੇ ਸਮੇਂ ਤਕ ਕਰਫਿਊ ਲਗਾਉਣਾ ਪਿਆ ਸੀ।