MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਾਜਨੀਤੀ ਤੋ ਪਰੇ ਹਟ ਕੇ ਕੀਤੀ ਜਾਵੇ ਅਫ਼ਗਾਨ ਲੋਕਾਂ ਦੀ ਮਦਦ - ਐੱਸ ਜੈਸ਼ੰਕਰ

ਨਵੀਂ ਦਿੱਲੀ 26 ਨਵੰਬਰ (ਮਪ) ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣ ’ਚ ਕਿਸੇ ਤਰ੍ਹਾਂ ਦੀ ਝਿਜਕ ਜਾਂ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਪੂਰੀ ਇਮਾਨਦਾਰੀ ਨਾਲ ਮਦਦ ਦਿੱਤੀ ਜਾਣੀ ਚਾਹੀਦੀ ਹੈ। ਇਹ ਗੱਲ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰੂਸ, ਭਾਰਤ ਤੇ ਚੀਨ (ਆਰਆਈਸੀ) ਦੀ ਵਿਦੇਸ਼ ਮੰਤਰੀ ਪੱਧਰ ਦੀ ਵਰਚੁਅਲ ਬੈਠਕ ’ਚ ਕਹੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਤਿੰਨ ਦੇਸ਼ਾਂ ਨੂੰ ਮਿਲਾ ਕੇ ਅਫ਼ਗਾਨਿਸਤਾਨ ਨਾਲ ਜੁੜੀ ਅੱਤਵਾਦ, ਕੱਟੜਵਾਦ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਮੱਸਿਆ ਨਾਲ ਨਜਿੱਠਣਾ ਚਾਹੀਦਾ ਹੈ ਪਰ ਮਨੁੱਖੀ ਸਹਾਇਤਾ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ। ਜੈਸ਼ੰਕਰ ਦੀ ਅਗਵਾਈ ’ਚ ਹੋਈ ਬੈਠਕ ’ਚ ਉਨ੍ਹਾਂ ਦੇ ਚੀਨੀ ਹਮ ਰੁਤਬਾ ਵਾਂਗ ਈ ਤੇ ਰੂਸੀ ਹਮ ਰੁਤਬਾ ਸਰਗੇਈ ਲਾਵਰੋਵ ਵੀ ਮੌਜੂਦ ਸਨ। ਜੈਸ਼ੰਕਰ ਨੇ ਕਿਹਾ, ਅਫ਼ਗਾਨਿਸਤਾਨ ਦਾ ਗੁਆਂਢੀ ਤੇ ਲੰਬੇ ਸਮੇਂ ਤੋਂ ਸਹਿਯੋਗੀ ਹੋਣ ਦੇ ਨਾਤੇ ਭਾਰਤ ਦੀਆਂ ਉੱਥੋਂ ਦੇ ਹਾਲਾਤ ਬਾਰੇ ਚਿੰਤਾਵਾਂ ਹਨ। ਹਾਲ ਦੇ ਮਹੀਨਿਆਂ ’ਚ ਉੱਥੇ ਜੋ ਹੋਇਆ, ਉਸ ਬਾਰੇ ਭਾਰਤ ਦੇ ਮਨ ’ਚ ਖ਼ਦਸ਼ੇ ਹਨ। ਬਾਵਜੂਦ ਇਸ ਦੇ ਭਾਰਤ ਅਫ਼ਗਾਨ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ। ਭਾਰਤ ਅਫ਼ਗਾਨਿਸਤਾਨ ਦੀ ਮਿਲੀ-ਜੁਲੀ ਤੇ ਪ੍ਰਤੀਨਿਧੀ ਸਰਕਾਰ ਦਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸੰਕਲਪ 2593 ਦੀਆਂ ਵਿਵਸਥਾਵਾਂ ਤਹਿਤ ਸਮਰਥਨ ਕਰੇਗਾ। ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ, ਅਫ਼ਗਾਨ ਲੋਕਾਂ ਦੀ ਬਿਹਤਰੀ ਲਈ ਭਾਰਤ ਉੱਥੇ 50 ਹਜ਼ਾਰ ਮੀਟ੍ਰਿਕ ਟਨ (ਪੰਜ ਲੱਖ ਕੁਇੰਟਲ) ਕਣਕ ਤੇ ਜੀਵਨ ਰੱਖਿਅਕ ਦਵਾਈਆਂ ਭੇਜ ਰਿਹਾ ਹੈ। ਇਹ ਸਮੱਗਰੀ ਉੱਥੇ ਸੋਕੇ ਦੀ ਸਥਿਤੀ ਤੇ ਪੀੜਤ ਲੋਕਾਂ ਨੂੰ ਰਾਹਤ ਦੇਵੇਗੀ। ਆਰਆਈਸੀ ਦੇ ਤਿੰਨ ਮੈਂਬਰ ਦੇਸ਼ਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਰਾਜਨੀਤੀ ਨੂੰ ਪਰੇ ਰੱਖਦੇ ਹੋਏ ਅਫ਼ਗਾਨਿਸਤਾਨ ਦੀ ਮਨੁੱਖੀ ਆਧਾਰ ’ਤੇ ਮਦਦ ਲਈ ਅੱਗੇ ਆਉਣ। ਭਾਰਤ ਇਸ ਮਦਦ ਨੂੰ ਮੁਮਕਿਨ ਬਣਾਉਣ ਲਈ ਆਰਆਈਸੀ ਦੇ ਢਾਂਚੇ ’ਚ ਕੋਸ਼ਿਸ਼ਾਂ ਜਾਰੀ ਰੱਖੇਗਾ। ਜੈਸ਼ੰਕਰ ਨੇ ਕਿਹਾ ਕਿ ਵਪਾਰ, ਨਿਵੇਸ਼, ਸਿਹਤ, ਸਿੱਖਿਆ, ਵਿਗਿਆਨ ਤੇ ਤਕਨੀਕ ਦੇ ਆਪਸੀ ਸਹਿਯੋਗ ਨਾਲ ਦੁਨੀਆ ਦੇ ਵਿਕਾਸ, ਸ਼ਾਂਤੀ ਤੇ ਸਥਿਰਤਾ ਨੂੰ ਬੜ੍ਹਾਵਾ ਮਿਲਦਾ ਹੈ। ਆਰਆਈਸੀ ਦੇ ਤਿੰਨੇ ਮੈਂਬਰ ਦੇਸ਼ ਆਪਸੀ, ਖੇਤਰੀ ਤੇ ਕੌਮਾਂਤਰੀ ਮਸਲਿਆਂ ਨਾਲ ਜੁੜੇ ਹਿੱਤਾਂ ’ਤੇ ਵਿਦੇਸ਼ ਮੰਤਰੀ ਪੱਧਰ ਦੀ ਗੱਲਬਾਤ ਕਰਦੇ ਹਨ। ਸਤੰਬਰ 2020 ’ਚ ਮਾਸਕੋ ’ਚ ਹੋਈ ਗੱਲਬਾਤ ’ਚ ਭਾਰਤ ਨੂੰ ਇਸ ਗਠਜੋੜ ਦੀ ਅਗਵਾਈ ਮਿਲੀ ਸੀ।