MediaPunjab - ਮੈਨੂੰ ਉਮੀਦ ਨਹੀਂ ਸੀ ਕਿ ਭਗਵੰਤ ਮਾਨ ਮੇਰੇ ਖਿਲਾਫ ਹੋ ਜਾਣਗੇ - ਸੁਖਪਾਲ ਖਹਿਰਾ
MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮੈਨੂੰ ਉਮੀਦ ਨਹੀਂ ਸੀ ਕਿ ਭਗਵੰਤ ਮਾਨ ਮੇਰੇ ਖਿਲਾਫ ਹੋ ਜਾਣਗੇ - ਸੁਖਪਾਲ ਖਹਿਰਾ

ਚੰਡੀਗੜ੍ਹ, 08 ਅਗਸਤ 2018 (ਮਪ) ਬੀਤੇ ਦਿਨ 'ਆਪ' ਦੇ ਸੀਨੀਅਰ ਆਗੂ ਭਗਵੰਤ ਮਾਨ ਵਲੋਂ ਭੜਾਸ ਕੱਢੇ ਜਾਣ ਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਸਮਝਦੇ ਹਨ ਤੇ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਭਗਵੰਤ ਮਾਨ ਉਨ੍ਹਾਂ ਦੇ ਖਿਲਾਫ ਹੋ ਜਾਣਗੇ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਵਲੋਂ ਅਜਿਹਾ ਕਰਨ 'ਤੇ ਉਨ੍ਹਾਂ ਨੂੰ ਕਾਫੀ ਦੁੱਖ ਹੋਇਆ ਹੈ। ਖਹਿਰਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਭਗਵੰਤ ਮਾਨ ਨੇ ਸਟੇਟਸ ਪਾ ਕੇ ਉਨ੍ਹਾਂ ਦੇ ਅਹੁਦਾ ਖੁੱਸਣ ਸਬੰਧੀ ਅਫਸੋਸ ਜ਼ਾਹਰ ਕੀਤਾ ਸੀ ਪਰ ਪਤਾ ਨਹੀਂ 4 ਦਿਨਾਂ 'ਚ ਉਨ੍ਹਾਂ ਨੂੰ ਕੀ ਹੋ ਗਿਆ। ਸੁਖਪਾਲ ਖਹਿਰਾ ਨੇ ਵੀ ਭਗਵੰਤ ਮਾਨ ਨੂੰ ਸਵਾਲ ਪੁੱਛਦਿਆਂ ਕਿਹਾ ਹੈ ਕਿ ਨਸ਼ਿਆਂ ਖਿਲਾਫ ਕੇਜਰੀਵਾਲ ਵਲੋਂ ਮਜੀਠੀਆ ਤੋਂ ਮੁਆਫੀ ਮੰਗਣ ਕਾਰਨ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਹੁਣ ਉਨ੍ਹਾਂ ਨੇ ਪਾਰਟੀ ਦੇ ਕਹਿਣ 'ਤੇ ਆਪਣਾ ਅਹੁਦਾ ਵਾਪਸ ਲੈ ਲਿਆ ਹੈ, ਤਾਂ ਕੀ ਹੁਣ ਉਨ੍ਹਾਂ ਨੇ ਨਸ਼ਿਆਂ 'ਤੇ ਮੋਹਰ ਲਾ ਦਿੱਤੀ? ਸੁਖਪਾਲ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਨੇ ਬੀਤੇ ਦਿਨ ਪ੍ਰੈੱਸ ਕਾਨਫਰੰਸ ਕਰਕੇ ਪਤਾ ਨਹੀਂ ਕਿਹੜੀ ਭੜਾਸ ਕੱਢੀ ਹੈ ਕਿਉਂਕਿ ਇਸ ਪ੍ਰੈੱਸ ਕਾਨਫਰੰਸ ਦਾ ਕੋਈ ਮੁੱਦਾ ਹੀ ਨਹੀਂ ਸੀ। ਸੁਖਪਾਲ ਖਹਿਰਾ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਭਗਵੰਤ ਮਾਨ ਨੇ ਅਸਤੀਫਾ ਵੀ ਪਾਰਟੀ ਦੇ ਕਹਿਣ 'ਤੇ ਹੀ ਦਿੱਤਾ ਸੀ।