MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਯੂਕੇ: ਕੋਵਿਡ ਇਕਾਂਤਵਾਸ ਦੀ ਮਿਆਦ 10 ਦਿਨਾਂ ਤੋਂ ਘਟਾ ਕੇ 7 ਦਿਨ ਹੋਵੇਗੀ

ਗਲਾਸਗੋ 23 ਦਸੰਬਰ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਵਿੱਚ ਕੋਵਿਡ-19 ਲਈ ਪਾਜੇਟਿਵ ਟੈਸਟ ਕਰਨ ਵਾਲੇ ਲੋਕਾਂ ਲਈ ਸਵੈ- ਇਕਾਂਤਵਾਸ ਹੋਣ ਦੀ ਮਿਆਦ 10 ਦਿਨਾਂ ਤੋਂ ਘਟਾ ਕੇ 7 ਕਰ ਦਿੱਤੀ ਜਾਵੇਗੀ। ਜੋ ਲੋਕ ਆਪਣੀ ਕੁਆਰੰਟੀਨ ਦੀ ਸ਼ੁਰੂਆਤ ਤੋਂ ਬਾਅਦ ਛੇਵੇਂ ਅਤੇ ਸੱਤਵੇਂ ਦਿਨ ਦੋ ਨੈਗੇਟਿਵ ਲੈਟਰਲ ਫਲੋ ਟੈਸਟ (LFT) ਦੇ ਨਤੀਜੇ ਪੇਸ਼ ਕਰਨਗੇ, ਉਹ ਆਪਣਾ ਇਕਾਂਤਵਾਸ ਸੱਤਵੇਂ ਦਿਨ ਖਤਮ ਕਰਨ ਦੇ ਯੋਗ ਹੋਣਗੇ। ਯੂਕੇ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਬੁੱਧਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ਇਹ ਬਦਲਾਅ ਯੂਕੇ ਹੈਲਥ ਸਿਕਿਉਰਿਟੀ ਏਜੰਸੀ (UKHSA) ਨਾਲ ਸਲਾਹ ਕਰਕੇ ਕੀਤਾ ਗਿਆ ਹੈ ਅਤੇ ਇਸਦਾ ਉਦੇਸ਼ ਫਰੰਟਲਾਈਨ ਸੇਵਾਵਾਂ ਅਤੇ ਹੋਰ ਕਾਰੋਬਾਰਾਂ ਵਿੱਚ ਰੁਕਾਵਟ ਨੂੰ ਘਟਾਉਣਾ ਹੈ। ਪਿਛਲੇ ਨਿਯਮਾਂ ਦੇ ਤਹਿਤ, ਲੋਕਾਂ ਨੂੰ ਪੂਰੇ 10 ਦਿਨਾਂ ਲਈ ਆਪਣੇ ਆਪ ਨੂੰ ਇਕਾਂਤਵਾਸ ਕਰਨਾ ਪੈਂਦਾ ਸੀ ਜੇਕਰ ਉਹ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਕਰਦੇ ਸਨ। ਹਾਲ ਹੀ ਦੇ ਦਿਨਾਂ ਵਿੱਚ ਯੂਕੇ ਵਿੱਚ ਕੋਵਿਡ -19 ਦੇ ਰੋਜ਼ਾਨਾ 90,000 ਤੋਂ ਉੱਪਰ ਕੇਸ ਦਰਜ਼ ਹੋਏ ਹਨ। ਇਕਾਂਤਵਾਸ ਹੋਣ ਦੀ ਮਿਆਦ ਦਸੰਬਰ 2020 ਵਿੱਚ 14 ਦਿਨਾਂ ਤੋਂ ਘਟਾ ਕੇ 10 ਕਰ ਦਿੱਤੀ ਗਈ ਸੀ ਕਿਉਂਕਿ ਅਲਫ਼ਾ ਵੇਰੀਐਂਟ ਯੂਕੇ ਦੇ ਕੁਝ ਹਿੱਸਿਆਂ ਵਿੱਚ ਤੇਜ਼ੀ ਨਾਲ ਫੈਲਿਆ ਸੀ। ਟੀਕਾਕਰਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਨਵੀਂ ਨੀਤੀ ਹਰ ਕਿਸੇ 'ਤੇ ਲਾਗੂ ਹੁੰਦੀ ਹੈ।