MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਦੇਸ਼ ਦੀ ਪਹਿਲੀ ਪੇਪਰ ਰਹਿਤ ਅਦਾਲਤ ਬਣੀ ਕੇਰਲ ਹਾਈਕੋਰਟ, ਸੁਪਰੀਮ ਕੋਰਟ ਦੇ ਜਸਟਿਸ ਚੰਦਰਚੂੜ ਨੇ ਕੀਤਾ ਉਦਘਾਟਨ

ਕੋਚੀ, 2 ਜਨਵਰੀ (ਮਪ) ਕੇਰਲ ਹਾਈ ਕੋਰਟ ਦੇਸ਼ ਦੀ ਪਹਿਲੀ ਪੇਪਰ ਰਹਿਤ ਅਦਾਲਤ ਬਣ ਗਈ ਹੈ। ਇਸ ਦਾ ਉਦਘਾਟਨ ਸ਼ਨਿਚਰਵਾਰ ਨੂੰ ਸੁਪਰੀਮ ਕੋਰਟ ਦੇ ਜਸਟਿਸ ਡੀਵਾਈ ਚੰਦਰਚੂੜ ਨੇ ਕੀਤਾ। ਡੀਵਾਈ ਚੰਦਰਚੂੜ ਨੇ ਕਿਹਾ ਕਿ ਅਦਾਲਤ ਇਕ ਸੇਵਾ ਹੈ ਜੋ ਸੂਬੇ ਵੱਲੋਂ ਆਪਣੇ ਸਾਰੇ ਨਾਗਰਿਕਾਂ ਨੂੰ ਮੁਹੱਈਆ ਕੀਤੀ ਜਾਂਦੀ ਹੈ ਤੇ ਈ-ਫਾਈਲਿੰਗ ਤੇ ਕਾਗਜ਼ ਰਹਿਤ ਅਦਾਲਤਾਂ ਨਿਆਂ ਦੇ ਵਿਕੇਂਦਰੀਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਚੰਦਰਚੂੜ ਨੇ ਕਿਹਾ ਕਿ ਦਸਤਾਵੇਜ਼ਾਂ ਦੀ ਈ-ਫਾਈਲਿੰਗ ਵਕੀਲਾਂ ਲਈ ਵਧੇਰੇ ਸੁਵਿਧਾਜਨਕ ਹੋਵੇਗੀ, ਪਰ ਉਨ੍ਹਾਂ ਸੂਬਾ ਸਰਕਾਰ ਨੂੰ ਸਾਰਿਆਂ ਲਈ ਜ਼ਰੂਰੀ ਡਿਜੀਟਲ ਸਾਖਰਤਾ ਯਕੀਨੀ ਬਣਾਉਣ ਦੀ ਅਪੀਲ ਕੀਤੀ। ਸੁਪਰੀਮ ਕੋਰਟ ਦੇ ਸੀਨੀਅਰ ਜੱਜ ਇੱਥੇ ਕੇਰਲ ਹਾਈ ਕੋਰਟ ਦੇ ਈ-ਫਾਈਲਿੰਗ, ਪੇਪਰਲੈੱਸ ਕੋਰਟ ਅਤੇ ਈ-ਆਫ਼ਿਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਕਰਵਾਏ ਸਮਾਗਮ ਦੌਰਾਨ ਬੋਲ ਰਹੇ ਸਨ। ਹਾਈ ਕੋਰਟ ਲਈ ਈ-ਫਾਈਲਿੰਗ ਮਡਿਊਲ ਦੀ ਸ਼ੁਰੂਆਤ ਕਰਦੇ ਹੋਏ ਚੰਦਰਚੂੜ ਨੇ ਮੁੱਖ ਮੰਤਰੀ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਸੂਬਾ ਹੁਣ ਸਾਰੇ ਮੁਕੱਦਮਿਆਂ 'ਚ ਈ-ਫਾਈਲਿੰਗ ਪ੍ਰਦਾਨ ਕਰਨਾ ਲਾਜ਼ਮੀ ਬਣਾਉਂਦਾ ਹੈ। ਹੁਣ ਇਸ ਨੂੰ ਸੂਬੇ ਵੱਲੋਂ ਸੁਚਾਰੂ ਢੰਗ ਨਾਲ ਸ਼ੁਰੂ ਕੀਤਾ ਜਾਵੇ। ਦੱਸ ਦੇਈਏ ਕਿ ਪਹਿਲੇ ਪੜਾਅ 'ਚ ਚੀਫ਼ ਜਸਟਿਸ ਸਮੇਤ ਛੇ ਕੋਰਟ ਰੂਮ ਸਮਾਰਟ ਕੋਰਟ 'ਚ ਤਬਦੀਲ ਕੀਤੇ ਜਾਣਗੇ। ਇਨ੍ਹਾਂ ਅਦਾਲਤਾਂ 'ਚ ਵਕੀਲਾਂ ਨੂੰ ਕੇਸ ਦੀਆਂ ਫਾਈਲਾਂ ਸਾਹਮਣੇ ਕੰਪਿਊਟਰ ਸਕ੍ਰੀਨਾਂ ’ਤੇ ਉਪਲਬਧ ਕਰਵਾਈਆਂ ਜਾਣਗੀਆਂ। ਦਸਤਾਵੇਜ਼ਾਂ ਦੀਆਂ ਕਾਪੀਆਂ ਵਿਰੋਧੀ ਪੱਖ ਤੇ ਜੱਜ ਦੇ ਸਾਹਮਣੇ ਰੱਖੇ ਕੰਪਿਊਟਰ 'ਤੇ ਦੇਖੀਆਂ ਜਾ ਸਕਦੀਆਂ ਹਨ। ਸਿਸਟਮ 'ਚ ਵਕੀਲਾਂ ਨੂੰ ਅਦਾਲਤ 'ਚ ਪੇਸ਼ ਹੋਣ ਤੇ ਆਪਣੇ ਨਾਲ ਕੇਸ ਫਾਈਲ ਲਿਆਂਦੇ ਬਿਨਾਂ ਬਹਿਸ ਕਰਨ ਦੀ ਇਜਾਜ਼ਤ ਦੇਣ ਦੀ ਸਹੂਲਤ ਹੈ।