MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਪਾਈਸਜੈੱਟ ਦੇ ਜਹਾਜ਼ ਨੇ ਬਿਨਾਂ ਏਟੀਸੀ ਦੀ ਮਨਜ਼ੂਰੀ ਤੋਂ ਉਡਾਣ ਭਰੀ, ਡੀਜੀਸੀਏ ਨੇ ਦਿੱਤੇ ਜਾਂਚ ਦੇ ਹੁਕਮ

ਨਵੀਂ ਦਿੱਲੀ 2 ਜਨਵਰੀ (ਮਪ) ਨਿੱਜੀ ਹਵਾਈ ਕੰਪਨੀ ਸਪਾਈਸਜੈੱਟ ਦੇ ਯਾਤਰੀ ਜਹਾਜ਼ ਨੇ 30 ਦਸੰਬਰ ਨੂੰ ਹਵਾਈ ਆਵਾਜਾਈ ਕੰਟਰੋਲਰ (ਏਟੀਸੀ) ਦੀ ਮਨਜ਼ੂਰੀ ਤੋਂ ਬਿਨਾਂ ਰਾਜਕੋਟ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਤੋਂ ਬਾਅਦ ਡੀਜੀਸੀਏ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਡੀਜੀਸੀਏ ਦੀ ਜਾਂਚ ਲੰਬਿਤ ਰਹਿਣ ਦੌਰਾਨ ਰਾਜਕੋਟ-ਦਿੱਲੀ ਉਡਾਣ ’ਚ ਸਵਾਰ ਚਾਲਕਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆਕਿ ਰਾਜਕੋਟ-ਦਿੱਲੀ ਜਹਾਜ਼ ਨੇ 30 ਦਸੰਬਰ ਨੂੰ ਸਵੇਰੇ ਕਰੀਬ ਨੌਂ ਵਜੇ ਉਡਾਣ ਭਰੀ। ਦਿਨੇ 11:15 ਵਜੇ ਇਹ ਜਹਾਜ਼ ਦਿੱਲੀ ਹਵਾਈ ਅੱਡੇ ’ਤੇ ਉੱਤਰਿਆ। ਉਨ੍ਹਾਂ ਦੱਸਿਆ ਕਿ ਜਹਾਜ਼ ਨੂੰ ਕਿਸੇ ਵੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਪਹਿਲਾਂ ਏਟੀਸੀ ਤੋਂ ਕਈ ਤਰ੍ਹਾਂ ਦੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਹਨ। ਸਭ ਤੋਂ ਪਹਿਲਾਂ ਜਹਾਜ਼ ਨੂੰ ਸਟੈਂਡ ਤੋਂ ਬਾਹਰ ਕੱਢਣ ਦੀ ਪ੍ਰਵਾਨਗੀ ਲੈਣੀ ਹੁੰਦੀ ਹੈ। ਉਸ ਪਿੱਛੋੋਂ ਇੰਜਣ ਸਟਾਰਟ ਕਰਨ ਤੋਂ ਪਹਿਲਾਂ ਵੀ ਮਨਜ਼ੂਰੀ ਲੈਣੀ ਹੁੰਦੀ ਹੈ। ਉਡਾਣ ਲਈ ਕਤਾਰ ’ਚ ਖੜ੍ਹੇ ਹੋਣ ਤੇ ਅੰਤ ’ਚ ਉਡਾਣ ਭਰਨ ਦੀ ਪ੍ਰਵਾਨਗੀ ਲੈਣੀ ਹੁੰਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 30 ਦਸੰਬਰ ਨੂੰ ਜਹਾਜ਼ ’ਚ ਸਵਾਰ ਚਾਲਕਾਂ ਨੇ ਰਾਜਕੋਟ ਤੋਂ ਉਡਾਣ ਭਰਨ ਤੋਂ ਪਹਿਲਾਂ ਜ਼ਰੂਰੀ ਮਨਜ਼ੂਰੀ ਨਹੀਂ ਲਈ। ਉਨ੍ਹਾਂ ਦੱਸਿਆ ਕਿ ਡੀਜੀਸੀਏ 30 ਦਸੰਬਰ ਦੀ ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕਰ ਰਿਹਾ ਹੈ।