MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰੱਖਿਆ ਸਬੰਧਾਂ ਦੀ ਮਜ਼ਬੂਤੀ ਲਈ ਭਾਰਤ ਤੇ ਜਾਪਾਨ ਤਿਆਰ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵਿਦੇਸ਼ ਮੰਤਰੀਆਂ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ  14 ਜਨਵਰੀ  (ਮਪ) ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਨੀਦਰਲੈਂਡ ਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦੁਵੱਲੇ ਅਤੇ ਖੇਤਰੀ ਮੁੱਦਿਆਂ ’ਤੇ ਚਰਚਾ ਕੀਤੀ ਗਈ। ਜੈਸ਼ੰਕਰ ਨੇ ਟਵੀਟ ਕਰਕੇ ਕਿਹਾ ਕਿ ਨੀਦਰਲੈਂਡ ਦੇ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵੋਪਕੇ ਹੋਏਕਸਟ੍ਰਾ ਨਾਲ ਦੁਵੱਲੇ ਸਹਿਯੋਗ ਹੋਰ ਮਜ਼ਬੂਤ ਕਰਨ, ਯੂਰਪੀਅਨ ਯੂਨੀਅਨ (ਈਯੂ) ਅਤੇ ਭਾਰਤ ਪ੍ਰਸ਼ਾਂਤ ਖੇਤਰ ਨੂੰ ਲੈ ਕੇ ਚਰਚਾ ਕੀਤੀ। ਗੱਲਬਾਤ ਤੋਂ ਬਾਅਦ ਹੋਏਕਸਟ੍ਰਾ ਨੇ ਟਵੀਟ ਕਰ ਕੇ ਕਿਹਾ, ‘ਡਾ. ਜੈਸ਼ੰਕਰ ਨਾਲ ਗੱਲਬਾਤ ਕਰਕੇ ਚੰਗਾ ਲੱਗਾ। ਇਸ ਸਾਲ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੇ 75 ਸਾਲ ਪੂਰੇ ਹੋ ਰਹੇ ਹਨ। ਇਹ ਇਕ ਵੱਡੀ ਉਪਲਬਧੀ ਹੈ। ਅਸੀਂ ਮਜ਼ਬੂਤ ਦੁਵੱਲੇ ਸਹਿਯੋਗ, ਈਯੂ ਸਹਿਯੋਗ ਅਤੇ ਖੇਤਰ ’ਚ ਵਿਕਾਸ ਦੇ ਮੁੱਦੇ ’ਤੇ ਚਰਚਾ ਕੀਤੀ। ਮੈਨੂੰ ਦੁਵੱਲੇ ਸਬੰਧਾਂ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।’ ਇਸ ਤੋਂ ਪਹਿਲਾਂ ਜੈਸ਼ੰਕਰ ਨੇ ਕਿਹਾ, ‘ਨਵੇਂ ਸਾਲ ਦੇ ਮੌਕੇ ’ਤੇ ਆਪਣੇ ਜਾਪਾਨੀ ਹਮਰੁਤਬਾ ਹਾਯਾਸ਼ੀ ਯੋਸ਼ੀਮਾਸਾ ਨਾਲ ਗੱਲਬਾਤ ਕਰਕੇ ਬਹੁਤ ਖ਼ੁਸ਼ ਹਾਂ। ਇਸ ਦੌਰਾਨ ਕੋਵਿਡ ਦੀ ਸਥਿਤੀ, ਯਾਤਰਾ ਸਹੂਲਤ, ਦੁਵੱਲੇ ਪ੍ਰਾਜੈਕਟਾਂ, ਕਵਾਡ, ਮਿਆਂਮਾਰ ਅਤੇ ਉੱਤਰੀ ਕੋਰੀਆ ਦੇ ਹਾਲਾਤ ’ਤੇ ਚਰਚਾ ਕੀਤੀ।