MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਗਵੰਤ ਮਾਨ ਨੂੰ 'ਆਪ' ਦਾ ਮੁੱਖ ਮੰਤਰੀ ਚਿਹਰਾ ਐਲਾਨਿਆ

ਨਵੀਂ ਦਿੱਲੀ 18 ਜਨਵਰੀ  (ਮਪ) ਆਮ ਆਦਮੀ ਪਾਰਟੀ (ਆਪ) ਦਾ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਹੋਣਗੇ। ਇਸ ਦਾ ਰਸਮੀ ਐਲਾਨ ਅੱਜ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤਾ। ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਐਲਾਨ ਕਰਦਿਆਂ ਕਿਹਾ ਕਿ 21 ਲੱਖ ਤੋਂ ਵੱਧ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ। ਇਸ ਵਿੱਚ 93 ਫੀਸਦੀ ਲੋਕਾਂ ਨੇ ਭਗਵੰਤ ਮਾਨ ਦੇ ਹੱਕ ਵਿੱਚ ਵੋਟ ਪਾਈ ਹੈ ਜਦੋਂਕਿ ਦੋ ਫੀਸਦੀ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੋਟ ਪਾਈ। CM ਕੇਜਰੀਵਾਲ ਨੇ ਕਿਹਾ, 'ਪੰਜਾਬ ਵਿਧਾਨ ਸਭਾ ਚੋਣਾਂ ਲਈ 'ਆਪ' ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਜੀ ਹਨ। ਇਹ ਐਲਾਨ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਗਲੇ ਲਾ ਲਿਆ। ਕੇਜਰੀਵਾਲ ਨੇ 13 ਜਨਵਰੀ ਨੂੰ ਪੰਜਾਬ ਦੇ ਲੋਕਾਂ ਨੂੰ ਆਪਣੇ ਪਸੰਦੀਦਾ ਮੁੱਖ ਮੰਤਰੀ ਉਮੀਦਵਾਰਾਂ ਦੇ ਨਾਮ ਸੁਝਾਉਣ ਲਈ ਕਿਹਾ ਸੀ ਤੇ ਇਸ ਉਦੇਸ਼ ਲਈ ਇੱਕ ਮੋਬਾਈਲ ਨੰਬਰ ਵੀ ਲਾਂਚ ਕੀਤਾ ਸੀ। ਇਸ ਆਧਾਰ ਉੱਪਰ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਪਾਰਟੀ ਆਪ ਦਾ ਮੁੱਖ ਮੰਤਰੀ ਚਿਹਰਾ ਐਲਾਨਿਆ।
ਆਮ ਆਦਮੀ ਪਾਰਟੀ ਵੱਲੋਂ ਜਾਰੀ ਫੋਨ ਨੰਬਰ ਉੱਪਰ 22 ਲੱਖ ਲੋਕਾਂ ਨੇ ਆਪਣੀ ਰਾਇ ਦੇ ਦਿੱਤੀ ਹੈ। ਉਂਝ ਕੇਜਰੀਵਾਲ ਨੇ ਉਸ ਵੇਲੇ ਹੀ ਇਸ਼ਾਰ ਕਰ ਦਿੱਤਾ ਸੀ ਕਿ ਉਹ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਨਾਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਐਲਾਨਣਾ ਚਾਹੁੰਦੇ ਸਨ ਪਰ ਮਾਨ ਨੇ ਖ਼ੁਦ ਜ਼ੋਰ ਦੇ ਕੇ ਆਖਿਆ ਕਿ ਇਹ ਫੈਸਲਾ ਪੰਜਾਬ ਦੇ ਲੋਕਾਂ ਨੂੰ ਕਰਨਾ ਚਾਹੀਦਾ ਹੈ। ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਪਿਛਲੇ ਸਾਲ ਜੂਨ ਵਿੱਚ ਕਿਹਾ ਸੀ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਸਿੱਖ ਭਾਈਚਾਰੇ ਵਿੱਚੋਂ ਹੋਵੇਗਾ ਤੇ ਪੂਰੇ ਪੰਜਾਬ ਨੂੰ ਆਪਣੀ ਚੋਣ ’ਤੇ ਮਾਣ ਹੋਵੇਗਾ। ‘ਆਪ’ ਹੁਣ ਤੱਕ ਪੰਜਾਬ ਅਸੈਂਬਲੀ ਚੋਣਾਂ ਲਈ 112 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।