MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਟੀਕਾਕਰਨ ਪ੍ਰਤੀ ਨੌਜਵਾਨਾਂ ’ਚ ਉਤਸ਼ਾਹ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ  19 ਜਨਵਰੀ (ਮਪ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਟੀਕਾਕਰਨ ਪ੍ਰਤੀ ਨੌਜਵਾਨਾਂ ’ਚ ਉਤਸ਼ਾਹ ਦੀ ਸ਼ਲਾਘਾ ਕੀਤੀ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਕਾਕਰਨ ’ਚ ਨੌਜਵਾਨ ਤੇ ਯੁਵਾ ਭਾਰਤ ਰਾਹ ਦਿਖਾ ਰਿਹਾ ਹੈ। 15 ਤੋਂ 18 ਸਾਲ ਦੇ ਨੌਜਵਾਨਾਂ ਦਾ ਟੀਕਾਕਰਨ ਤਿੰਨ ਜਨਵਰੀ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਤਕ ਲਗਪਗ ਚਾਰ ਕਰੋੜ ਨੌਜਵਾਨਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਾ ਦਿੱਤੀ ਗਈ ਹੈ। ਇਸ ਉਮਰ ਵਰਗ ਦੇ ਲੜਕੇ-ਲੜਕੀਆਂ ਦੀ ਕੁੱਲ ਆਬਾਦੀ ਲਗਪਗ ਸਾਢੇ ਸੱਤ ਕਰੋੜ ਹੈ। ਪ੍ਰਧਾਨ ਮੰਤਰੀ ਨੇ ਕੋਰੋਨਾ ਸਬੰਧੀ ਪ੍ਰੋਟੋਕਾਲ ਦੀ ਪਾਲਣਾ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਟਵੀਟ ਕੀਤਾ, ‘ਯੁਵਾ ਤੇ ਯੁਵਾ ਭਾਰਤ ਰਾਹ ਦਿਖਾ ਰਿਹਾ ਹੈ। ਇਹ ਉਤਸ਼ਾਹ ਵਧਾਉਣ ਵਾਲੀ ਖ਼ਬਰ ਹੈ। ਆਓ ਇਹ ਰਫ਼ਤਾਰ ਬਣਾਈ ਰੱਖੀਏ। ਟੀਕਾ ਲਗਾਉਣਾ ਤੇ ਹਰ ਤਰ੍ਹਾਂ ਦੇ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਨਾ ਅਹਿਮ ਹੈ। ਅਸੀਂ ਸਾਰੇ ਮਿਲ ਕੇ ਇਸ ਮਹਾਮਾਰੀ ਨਾਲ ਲੜਾਂਗੇ। ਪ੍ਰਧਾਨ ਮੰਤਰੀ ਮੋਦੀ ਨੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਦੇ ਨੌਜਵਾਨਾਂ ਦੇ ਟੀਕਾਕਰਨ ਸਬੰਧੀ ਕੀਤੇ ਗਏ ਟਵੀਟ ਦੇ ਜਵਾਬ ’ਚ ਇਹ ਟਵੀਟ ਕੀਤਾ ਸੀ। ਮਾਂਡਵੀਆ ਨੇ ਮੰਗਲਵਾਰ ਨੂੰ ਟਵੀਟ ਕਰ ਕੇ 15 ਤੋਂ 18 ਸਾਲ ਦੀ ਅੱਧੀ ਆਬਾਦੀ ਨੂੰ ਟੀਕਾ ਲਗਾਉਣ ’ਤੇ ਵਧਾਈ ਦਿੱਤੀ ਸੀ। ਕੋਵਿਨ ਪੋਰਟਲ ਦੇ ਬੁੱਧਵਾਰ ਸ਼ਾਮ ਰਾਤ ਸੱਤ ਵਜੇ ਤਕ ਦੇ ਅੰਕੜਿਆਂ ਮੁਤਾਬਕ 15 ਤੋਂ 18 ਸਾਲ ਦੇ 3.82 ਕਰੋੜ ਨੌਜਵਾਨਾਂ ਨੂੰ ਕੋਰੋਨਾ ਰੋਕੂ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਹੈ। ਅਜੇ ਇਸ ਉਮਰ ਦੇ ਨੌਜਵਾਨਾਂ ਨੂੰ ਸਿਰਫ਼ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਹੀ ਲਗਾਈ ਜਾ ਰਹੀ ਹੈ।