MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਸਮਰਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੀਟਿੰਗ

ਸਰੀ, 20 ਜਨਵਰੀ 2022 (ਹਰਦਮ ਮਾਨ) ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਜ਼ੂਮ ਮੀਟਿੰਗ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਰਹੀ। ਇਸ ਮੀਟਿੰਗ ਵਿਚ ਉੱਘੇ ਵਿਦਵਾਨ ਸ. ਮੋਤਾ ਸਿੰਘ ਝੀਤਾ ਮੁੱਖ ਬੁਲਾਰੇ ਸਨ। ਮੀਟਿੰਗ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ ਨੇ ਕੀਤੀ ਅਤੇ ਸੰਚਾਲਨ ਪਲਵਿੰਦਰ ਰੰਧਾਵਾ ਨੇ ਕੀਤਾ।

ਸ਼ੁਰੂਆਤ ਵਿਚ ਪੇਸ਼ ਕੀਤੇ ਸ਼ੋਕ ਮਤਿਆਂ ਰਾਹੀਂ ਬਹਾਦਰ ਸਿੰਘ, ਜਰਨੈਲ ਸਿੰਘ ਗਿੱਲ ਅਤੇ ਸੁਰਿੰਦਰ ਕੌਰ ਸਹੋਤਾ ਨੂੰ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ। ਉਪਰੰਤ ਕੁਲਦੀਪ ਗਿੱਲ ਅਤੇ ਸੁਰਜੀਤ ਮਾਧੋਪੁਰੀ ਨੇ ਵਿਦਵਾਨ ਮੋਤਾ ਸਿੰਘ ਝੀਤਾ ਦਾ ਸਵਾਗਤ ਕੀਤਾ। ਮੋਤਾ ਸਿੰਘ ਝੀਤਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਸਿੱਖਿਆ, ਰਚਨਾਤਮਿਕ ਕਾਰਜ ਅਤੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਬਾਰੇ ਵਿਸਥਾਰ ਵਿਚ ਵਿਚਾਰ ਪੇਸ਼ ਕੀਤੇ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਅਤੇ ਫਿਲਾਸਫ਼ੀ ਦੀ ਵੀ ਗੱਲ ਕੀਤੀ। ਪ੍ਰਸਿੱਧ ਸਾਹਿਤਕਾਰ ਰਵਿੰਦਰ ਰਵੀ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਤਕ ਕਾਰਜ ਬਾਰੇ ਸਰੋਤਿਆਂ ਨਾਲ ਸਾਂਝ ਪਾਈ। 

ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਵੀ ਦਰਬਾਰ ਵਿਚ ਸੁਰਿੰਦਰ ਸਿੰਘ ਜੱਬਲ, ਨਰਿੰਦਰ ਬਾਈਆ, ਅਮਰੀਕ ਸਿੰਘ ਲੇਲ੍ਹ, ਰੂਪਿੰਦਰ ਰੂਪੀ, ਸੁਰਜੀਤ ਸਿੰਘ  ਮਾਧੋਪੁਰੀ, ਹਰਚੰਦ ਬਾਗੜੀ, ਹਰਚੰਦ ਗਿੱਲ, ਸ਼ਾਹਗੀਰ ਗਿੱਲ, ਹਰਸ਼ਰਨ ਕੌਰ, ਪਰਮਿੰਦਰ ਸਵੈਚ, ਸੁਰਿੰਦਰ ਬਰਾੜ, ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਅਮਰੀਕ ਪਲਾਹੀ, ਇੰਦਰਪਾਲ ਸੰਧੂ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਅੰਤ ਵਿਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ।