MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਓਸਲੋ ’ਚ ਵਿਰੋਧ ਵਿਚਾਲੇ ਤਾਲਿਬਾਨ ਤੇ ਨਾਰਵੇ ਦੇ ਅਧਿਕਾਰੀਆਂ ਦੀ ਗੱਲਬਾਤ ਸ਼ੁਰੂ, ਅਫ਼ਗਾਨਿਸਤਾਨ ’ਚ ਖ਼ਰਾਬ ਹੁੰਦੇ ਮਨੁੱਖੀ ਹਾਲਾਤ 'ਤੇ ਹੋ ਰਹੀ ਚਰਚਾ


ਓਸਲੋ  : ਨਾਰਵੇ ਦੀ ਰਾਜਧਾਨੀ ਓਸਲੋ ’ਚ ਐਤਵਾਰ ਨੂੰ ਅਫ਼ਗਾਨੀ ਨਾਗਰਿਕਾਂ ਦੇ ਵਿਰੋਧ ਵਿਚਾਲੇ ਤਾਲਿਬਾਨੀ ਨੁਮਾਇੰਦਗੀ ਵਫ਼ਦ, ਪੱਛਮੀ ਸਰਕਾਰ ਦੇ ਅਧਿਕਾਰੀਆਂ ਤੇ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਵਿਚਾਲੇ ਅਫ਼ਗਾਨਿਸਤਾਨ ’ਚ ਖ਼ਰਾਬ ਹੁੰਦੇ ਮਨੁੱਖੀ ਹਾਲਾਤ ਦੇ ਮੁੱਦੇ ’ਤੇ ਤਿੰਨ ਦਿਨਾਂ ਗੱਲਬਾਤ ਸ਼ੁਰੂ ਹੋਈ। ਇਸ ਦੌਰਾਨ ਤਾਲਿਬਾਨੀ ਨੁਮਾਇੰਦਗੀ ਵਫ਼ਦ ਦੀ ਅਫ਼ਗਾਨਿਸਤਾਨ ਤੇ ਪਰਵਾਸੀ ਅਫ਼ਗਾਨੀ ਮਹਿਲਾ ਅਧਿਕਾਰ ਤੇ ਮਨੁੱਖੀ ਅਧਿਕਾਰ ਵਰਕਰਾਂ ਨਾਲ ਮੁਲਾਕਾਤ ਤੈਅ ਹੈ। ਤਾਲਿਬਾਨੀ ਨੁਮਾਇੰਦਗੀ ਵਫ਼ਦ ਦੀ ਅਗਵਾਈ ਅਫ਼ਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁੱਤਾਕੀ ਕਰ ਰਹੇ ਹਨ।
ਗੱਲਬਾਤ ਦੀ ਸ਼ੁਰੂਆਤ ਤੋਂ ਪਹਿਲਾਂ ਤਾਲਿਬਾਨ ਦੇ ਸੰਸਕ੍ਰਿਤੀ ਤੇ ਸੂਚਨਾ ਉਪ ਮੰਤਰੀ ਨੇ ਮੁੱਤਾਕੀ ਦੇ ਇਕ ਵਾਇਸ ਮੈਸੇਜ ਟਵੀਟ ਕੀਤਾ। ਇਸ ’ਚ ਮੁੱਤਾਕੀ ਨੇ ਇਕ ਚੰਗੀ ਯਾਤਰਾ ਦੀ ਉਮੀਦ ਪ੍ਰਗਟਾਈ ਤੇ ਨਾਰਵੇ ਦਾ ਧੰਨਵਾਦ ਕੀਤਾ ਜੋ ਤਾਲਿਬਾਨ ਤੇ ਯੂਰਪ ਵਿਚਾਲੇ ਚੰਗੇ ਰਿਸ਼ਤਿਆਂ ਦੀ ਸ਼ੁਰੂਆਤ ਦਾ ਐਂਟਰੀ ਪੁਆਇੰਟ ਸਾਬਤ ਹੋ ਸਕਦਾ ਹੈ। ਅਗਸਤ ’ਚ ਅਫ਼ਗਾਨਿਸਤਾਨ ’ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਪਹਿਲੀ ਵਾਰ ਗੱਲਬਾਤ ਲਈ ਕਿਸੇ ਯੂਰਪੀ ਦੇਸ਼ ਪੁੱਜਾ ਹੈ। ਨਾਰਵੇ ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਮੁੱਤਾਕੀ ਅਫ਼ਗਾਨਿਸਤਾਨ ਦੀ ਖ਼ਰਾਬ ਹੁੰਦੀ ਮਨੁੱਖੀ ਸਥਿਤੀ ਦਾ ਹਵਾਲਾ ਦਿੰਦੇ ਹੋਏ 10 ਅਰਬ ਡਾਲਰ ਦੀ ਰਾਸ਼ੀ ਨੂੰ ਜਾਰੀ ਕਰਨ ਦੀ ਮੰਗ ਰੱਖਣਗੇ, ਜਿਸ ਨੂੁੰ ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਨੇ ਰੋਕ ਕੇ ਰੱਖਿਆ ਹੈ।