MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜ਼ੇਲੈਂਸਕੀ ਨੇ ਕਿਹਾ, ਰੂਸ ’ਤੇ ਵਾਧੂ ਪਾਬੰਦੀਆਂ ਲੱਗਣ, ਦਾਵੋਸ ’ਚ ਆਰਥਿਕ ਸੰਮੇਲਨ ਨੂੰ ਵੀਡੀਓ ਕਾਨਫਰੰਸ ਜ਼ਰੀਏ ਕੀਤਾ ਸੰਬੋਧਨ

ਦਾਵੋਸ  23 ਮਈ (ਮਪ) ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਸੋਮਵਾਰ ਨੂੰ ਆਲਮੀ ਨੇਤਾਵਾਂ ਨੂੰ ਰੂਸ ’ਤੇ ਵੱਧ ਤੋਂ ਵੱਧ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ। ਵਿਸ਼ਵ ਆਰਥਿਕ ਮੰਚ ਸਾਲਾਨਾ ਸੰਮੇਲਨ, 2022 ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਦੇ ਹੋਏ ਉਨ੍ਹਾਂ ਸਾਰੇ ਰੂਸੀ ਬੈਂਕਾਂ ਤੇ ਰੂਸੀ ਤੇਲ ਦੇ ਕਾਰੋਬਾਰ ’ਤੇ ਪਾਬੰਦੀ ਤੋਂ ਇਲਾਵਾ ਮਾਸਕੋ ਨਾਲ ਹਰ ਤਰ੍ਹਾਂ ਦਾ ਵਪਾਰ ਖ਼ਤਮ ਕਰਨ ਦੀ ਬੇਨਤੀ ਕੀਤੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ਇਹ ਫ਼ੈਸਲਾ ਕੀਤਾ ਜਾਣਾ ਚਾਹੀਦਾ ਹੈ ਕਿ ਕੀ ਕੋਈ ਬੇਕਾਬੂ ਤਾਕਤ ਦੁਨੀਆ ’ਤੇ ਸ਼ਾਸਨ ਕਰੇਗੀ? ਕਦਰਾਂ ਕੀਮਤਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੰਗ ਤੋਂ ਬਾਅਦ ਮੁੜ ਵਸੇਬੇ ਦੇ ਕਾਰਜਾਂ ਲਈ ਅਸੀਂ ਤਿਆਰ ਹਾਂ ਤੇ ਇਸ ਕੰਮ ’ਚ ਅਸੀਮ ਸੰਭਾਵਨਾਵਾਂ ਮੁਹਈਆ ਕਰਾਵਾਂਗੇ। ਅਸੀਂ ਆਪਣੇ ਭਾਈਵਾਲ ਦੇਸ਼ਾਂ, ਸ਼ਹਿਰਾਂ ਤੇ ਕੰਪਨੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਉਹ ਕਿਸੇ ਖ਼ਾਸ ਖੇਤਰ ਜਾਂ ਸ਼ਹਿਰ ਦੀ ਸਰਪ੍ਰਸਤੀ ਲੈ ਲੈਣ। ਡੈਨਮਾਰਕ ਤੇ ਯੂਰਪੀ ਸੰਘ ਪਹਿਲਾਂ ਹੀ ਖੇਤਰਾਂ ਦੀ ਚੋਣ ਕਰ ਚੁੱਕੇ ਹਨ। ਜੇਲੈਂਸਕੀ ਨੇ ਸੰਮੇਲਨ ’ਚ ਮੌਜੂਦ ਨੇਤਾਵਾਂ ਨੂੰ ਯੂਕਰੇਨ ਨਾਲ ਕਾਰੋਬਾਰੀ ਸਬੰਧ ਬਣਾਉਣ ਤੇ ਰੂਸ ਨਾਲ ਖ਼ਤਮ ਕਰਨ ਦੀ ਬੇਨਤੀ ਕੀਤੀ। ਰਾਇਟਰ ਮੁਤਾਬਕ, ਯੂਕਰੇਨ ਨੇ ਰੂਸ ਨਾਲ ਜਾਰੀ ਜੰਗ ’ਚ ਹੁਣ ਤੱਕ ਦੇ ਸਭ ਤੋਂ ਵੱਡੇ ਫ਼ੌਜੀ ਨੁਕਸਾਨ ਦੀ ਜਾਣਕਾਰੀ ਦਿੱਤੀ ਹੈ। ਦਾਵੋਸ ਆਰਥਿਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਜ਼ੇਲੈਂਸਕੀ ਨੇ ਕਿਹਾ ਕਿ ਪਿਛਲੇ ਹਫ਼ਤੇ ਉੱਤਰੀ ਇਲਾਕੇ ’ਚ ਇਕ ਬੈਰਕ ’ਤੇ ਕੀਤੇ ਗਏ ਰੂਸੀ ਹਮਲੇ ’ਚ ਯੂਕਰੇਨ ਦੇ 87 ਫ਼ੌਜੀ ਮਾਰੇ ਗਏ। ਇਕ ਸਿਖਲਾਈ ਕੈਂਪ ਸਥਿਤ ਇਸ ਬੈਰਕ ’ਚ ਯੂਕਰੇਨ ਦੇ ਫ਼ੌਜੀ ਠਹਿਰੇ ਹੋਏ ਸਨ। ਇਸ ਤੋਂ ਪਹਿਲਾਂ ਰੂਸ ਨੇ ਕਿਹਾ ਸੀ ਕਿ ਉਸ ਨੇ ਲੰਬੀ ਦੂਰੀ ਦੀ ਮਿਜ਼ਾਈਲ ਨਾਲ ਇਕ ਸਿਖਲਾਈ ਕੈਂਪ ਨੂੰ ਨਿਸ਼ਾਨਾ ਬਣਾਇਆ ਹੈ। ਏਪੀ ਮੁਤਾਬਕ, ਯੂਕਰੇਨ ਦੀ ਇਕ ਅਦਾਲਤ ਨੇ ਸਥਾਨਕ ਨਾਗਰਿਕ ਦੀ ਹੱਤਿਆ ਦੇ ਮਾਮਲੇ ’ਚ ਰੂਸੀ ਫ਼ੌਜੀ ਸਾਰਜੈਂਟ ਵਾਦਿਮ ਸ਼ਿਸ਼ਿਮਾਰਿਨ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਰੂਸ ਨਾਲ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ’ਚ ਜੰਗੀ ਅਪਰਾਧ ਲਈ ਸਜ਼ਾ ਸੁਣਾਏ ਜਾਣ ਦਾ ਇਹ ਪਹਿਲਾ ਮਾਮਲਾ ਹੈ। ਜੰਗ ਦੇ ਸ਼ੁਰੂਆਤੀ ਦਿਨਾਂ ’ਚ ਵਾਦਿਮ ਨੇ ਸੂਮੀ ਖੇਤਰ ’ਚ ਇਕ ਪੇਂਡੂ ਨੂੰ ਸਿਰ ’ਚ ਗੋਲ਼ੀ ਮਾਰੀ ਸੀ।