MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਹਾਕੀ ਏਸ਼ੀਆ ਕੱਪ 'ਚ ਭਾਰਤ ਨੇ ਜਾਪਾਨ ਤੋਂ ਲਿਆ ਬਦਲਾ, ਸੁਪਰ-4 ਦੇ ਮੁਕਾਬਲੇ 'ਚ ਮਰਦ ਟੀਮ ਨੇ 2-1 ਨਾਲ ਹਾਸਲ ਕੀਤੀ ਜਿੱਤ

ਜਕਾਰਤਾ 28 ਮਈ  (ਮਪ) ਭਾਰਤੀ ਮਰਦ ਹਾਕੀ ਟੀਮ ਨੇ ਸ਼ਨਿਚਰਵਾਰ ਨੂੰ ਏਸ਼ੀਆ ਕੱਪ ਦੇ ਸੁਪਰ-4 ਗੇੜ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਜਾਪਾਨ ਨੂੰ 2-1 ਨਾਲ ਹਰਾਇਆ। ਜਾਪਾਨ ਨੇ ਪਿਛਲੀ ਵਾਰ ਦੇ ਚੈਂਪੀਅਨ ਭਾਰਤ ਨੂੰ ਇਸ ਤੋਂ ਪਹਿਲਾਂ ਗਰੁੱਪ ਗੇੜ ਵਿਚ ਹਰਾਇਆ ਸੀ। ਪਰ ਭਾਰਤੀ ਟੀਮ ਨੇ ਇਸ ਮੁਕਾਬਲੇ ਵਿਚ ਜਿੱਤ ਹਾਸਲ ਕਰ ਕੇ ਉਸ ਤੋਂ ਪੁਰਾਣਾ ਬਦਲਾ ਲੈ ਲਿਆ। ਭਾਰਤ ਵੱਲੋਂ ਮਨਜੀਤ ਨੇ ਅੱਠਵੇਂ ਤੇ ਪਵਨ ਰਾਜਭਰ ਨੇ 35ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤੇ ਜਦਕਿ ਜਾਪਾਨ ਲਈ ਇੱਕੋ ਇਕ ਗੋਲ ਤਾਕੁਮਾ ਨਿਵਾ ਨੇ 18ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਕੀਤਾ। ਜਾਪਾਨ ਨੇ ਸ਼ੁਰੂਆਤੀ ਮਿੰਟ ਵਿਚ ਹੀ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਭਾਰਤ ਨੇ ਉਸ ਨੂੰ ਬੜ੍ਹਤ ਲੈਣ ਦਾ ਮੌਕਾ ਨਹੀਂ ਦਿੱਤਾ। ਭਾਰਤੀ ਟੀਮ ਮੈਚ ਅੱਗੇ ਵਧਣ ਦੇ ਨਾਲ ਹੀ ਆਤਮਵਿਸ਼ਵਾਸ ਨਾਲ ਖੇਡਦੀ ਰਹੀ। ਮਨਜੀਤ ਨੇ ਅੱਠਵੇਂ ਮਿੰਟ ਵਿਚ ਪਵਨ ਰਾਜਭਰ ਦੇ ਪਾਸ 'ਤੇ ਗੋਲ ਕਰ ਕੇ ਭਾਰਤੀ ਟੀਮ ਨੂੰ ਬੜ੍ਹਤ ਦਿਵਾਈ। ਮਨਿੰਦਰ ਸਿੰਘ ਨੇ 13ਵੇਂ ਮਿੰਟ ਵਿਚ ਭਾਰਤ ਨੂੰ ਪੈਨਲਟੀ ਕਾਰਨਰ ਦਿਵਾਇਆ ਪਰ ਨੀਲ ਸੰਦੀਪ ਜੇਸ ਦੀ ਕੋਸ਼ਿਸ਼ ਕੰਮ ਨਹੀਂ ਆ ਸਕੀ। ਦੂਜੇ ਕੁਆਰਟਰ ਵਿਚ ਜਾਪਾਨ ਨੇ 18ਵੇਂ ਮਿੰਟ ਵਿਚ ਪੈਨਲਟੀ ਕਾਰਨਰ ਹਾਸਲ ਕੀਤਾ ਤੇ ਤਾਕੁਮਾ ਨੇ ਇਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਇਸ ਨੂੰ ਗੋਲ ਵਿਚ ਬਦਲ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਬਰਾਬਰੀ ਹਾਸਲ ਕਰਨ ਤੋਂ ਬਾਅਦ ਜਾਪਾਨ ਨੇ ਭਾਰਤੀ ਰੱਖਿਆ ਕਤਾਰ 'ਤੇ ਤਬਾਅ ਵਧਾਉਣਾ ਜਾਰੀ ਰੱਖਿਆ ਤੇ ਦੋ ਪੈਨਲਟੀ ਕਾਰਨਰ ਹਾਸਲ ਕੀਤੇ। ਹਾਲਾਂਕਿ ਭਾਰਤੀ ਰੱਖਿਆ ਕਤਾਰ ਨੇ ਇਸ ਨੂੰ ਗੋਲ ਵਿਚ ਬਦਲਣ ਨਹੀਂ ਦਿੱਤਾ। ਕੁਝ ਦੇਰ ਬਾਅਦ ਕਾਰਤੀ ਸੇਲਵਮ ਕੋਲ ਭਾਰਤ ਨੂੰ ਬੜ੍ਹਤ ਦਿਵਾਉਣ ਦਾ ਸੁਨਹਿਰਾ ਮੌਕਾ ਸੀ ਪਰ ਉਹ ਇਸ ਮੌਕੇ 'ਤੋਂ ਖੁੰਝ ਗਏ। ਹਾਲਾਂਕਿ ਰਾਜਭਰ ਨੇ 35ਵੇਂ ਮਿੰਟ ਵਿਚ ਭਾਰਤ ਨੂੰ ਮਹੱਤਵਪੂਰਨ ਬੜ੍ਹਤ ਦਿਵਾ ਦਿੱਤੀ। ਭਾਰਤ ਤੋਂ ਇਕ ਗੋਲ ਦੇ ਫ਼ਰਕ ਨਾਲ ਪੱਛੜਨ ਤੋਂ ਬਾਅਦ ਜਾਪਾਨ ਨੇ ਭਾਰਤੀ ਟੀਮ 'ਤੇ ਦਬਾਅ ਵਧਾਇਆ ਪਰ ਬਰਿੰਦਰ ਲਾਕੜਾ ਦੀ ਅਗਵਾਈ ਵਾਲੀ ਟੀਮ ਨੇ ਮਜ਼ਬੂਤੀ ਨਾਲ ਡਟ ਕੇ ਉਸ ਦਾ ਸਾਹਮਣਾ ਕੀਤਾ। ਤੈਅ ਸਮਾਂ ਪੂਰਾ ਹੋਣ ਤੋਂ ਤਿੰਨ ਮਿੰਟ ਪਹਿਲਾਂ ਜਾਪਾਨ ਨੇ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਭਾਰਤ ਨੇ ਉਸ ਨੂੰ ਇਸ 'ਤੇ ਗੋਲ ਕਰਨ ਨਹੀਂ ਦਿੱਤਾ ਤੇ ਜਿੱਤ ਹਾਸਲ ਕਰ ਲਈ। ਭਾਰਤ ਦਾ ਗਰੁੱਪ-4 ਗੇੜ ਵਿਚ ਅਗਲਾ ਮੁਕਾਬਲਾ ਐਤਵਾਰ ਨੂੰ ਮਲੇਸ਼ੀਆ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਸੁਪਰ-4 ਗੇੜ ਵਿਚ ਭਾਰਤ, ਜਾਪਾਨ, ਦੱਖਣੀ ਕੋਰੀਆ ਤੇ ਮਲੇਸ਼ੀਆ ਦੀਆਂ ਟੀਮਾਂ ਇਕ-ਇਕ ਵਾਰ ਇਕ ਦੂਜੇ ਨਾਲ ਭਿੜਨਗੀਆਂ ਤੇ ਸਿਖਰਲੀਆਂ ਦੋ ਟੀਮਾਂ ਫਾਈਨਲ 'ਚ ਪੁੱਜਣਗੀਆ।