MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰੂਸ ਨੇ ਲਿਥੁਆਨੀਆ ਨੂੰ ਗੰਭੀਰ ਨਤੀਜੇ ਭੁਗਤਣ ਦੀ ਦਿੱਤੀ ਧਮਕੀ

ਮਾਸਕੋ 22 ਜੂਨ (ਮਪ) ਯੂਕ੍ਰੇਨ ਅਤੇ ਰੂਸ ਜੰਗ ਦਰਮਿਆਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਦਰਮਿਆਨ ਤਣਾਅ ਵਧਦਾ ਹੀ ਜਾ ਰਿਹਾ ਹੈ। ਰੂਸ ਦੇ ਵਿਦੇਸ਼ ਮੰਤਰੀ ਨੇ ਨਾਟੋ ਮੈਂਬਰ ਦੇਸ਼ ਲਿਥੁਆਨੀਆ ਤੋਂ ਮੰਗ ਕੀਤੀ ਹੈ ਕਿ ਉਹ ਕੈਲੀਨਿਨਗ੍ਰਾਦ 'ਤੇ ਖੁੱਲ੍ਹੇਆਮ ਲਾਈਆਂ ਗਈਆਂ ਦੁਸ਼ਮਣੀ ਪਾਬੰਦੀਆਂ ਨੂੰ ਤੁਰੰਤ ਹਟਾਏ। ਖਾਸ ਗੱਲ ਇਹ ਹੈ ਕਿ ਰੂਸ ਦੀ ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦ ਲਿਥੁਆਨੀਆ ਨੇ ਨਾਟੋ ਦੇਸ਼ਾਂ ਨੂੰ ਚਾਰੋਂ ਪਾਸਿਓ ਘਿਰੇ ਰੂਸ ਦੇ ਪ੍ਰਮਾਣੂ ਫੌਜੀ ਕਿਲੇ ਕੈਲੀਨਿਨਗ੍ਰਾਦ ਨੂੰ ਰੇਲ ਰਾਹੀਂ ਜਾਣ ਵਾਲੇ ਸਾਮਾਨਾਂ 'ਤੇ ਪਾਬੰਦੀ ਲੱਗਾ ਦਿੱਤੀ ਹੈ। ਯੂਰਪੀਅਨ ਯੂਨੀਅਨ ਅਤੇ ਨਾਟੋ ਦੇਸ਼ ਪੋਲੈਂਡ ਅਤੇ ਲਿਥੁਆਨੀਆ ਦਰਮਿਆਨ ਵਸਿਆ ਰੂਸ ਦਾ ਕੈਲੀਨਿਨਗ੍ਰਾਦ ਸ਼ਹਿਰ ਰੇਲ ਰਾਹੀਂ ਰੂਸ ਤੋਂ ਸਾਮਾਨ ਮੰਗਵਾਉਂਦਾ ਹੈ। ਇਹ ਨਹੀਂ, ਕੈਲੀਨਿਨਗ੍ਰਾਦ ਦੀ ਗੈਸ ਸਪਲਾਈ ਵੀ ਲਿਥੁਆਨੀਆ ਰਾਹੀਂ ਹੁੰਦੀ ਹੈ। ਬਾਲਟਿਕ ਦੇਸ਼ ਲਿਥੁਆਨੀਆ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਹ ਰੂਸ 'ਤੇ ਲੱਗੀਆਂ ਯੂਰਪੀਅਨ ਯੂਨੀਅਨ ਦੀਆਂ ਪਾਬੰਦੀਆਂ ਦੀ ਸੂਚੀ 'ਚ ਸ਼ਾਮਲ ਸਾਮਾਨਾਂ ਨੂੰ ਰੇਲ ਰਾਹੀਂ ਕੈਲੀਨਿਨਗ੍ਰਾਦ ਭੇਜੇ ਜਾਣ ਨੂੰ ਪਾਬੰਦੀਸ਼ੁਦਾ ਕਰਨ ਜਾ ਰਿਹਾ ਹੈ। ਰੂਸ ਲਈ ਕੈਲੀਨਿਨਗ੍ਰਾਦ ਇਕ ਅਜਿਹਾ ਫੌਜੀ ਅੱਡਾ ਹੈ, ਜੋ ਪੂਰੇ ਯੂਰਪ 'ਤੇ ਭਾਰੀ ਪੈ ਸਕਦਾ ਹੈ। ਰੂਸ ਇਸ ਥਾਂ ਤੋਂ ਬਾਲਟਿਕ ਸਾਗਰ 'ਚ ਯੂਰਪੀਅਨ ਅਤੇ ਨਾਟੋ ਦੇਸ਼ਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਨਾਲ ਰੋਕ ਸਕਦਾ ਹੈ। ਜੇਕਰ ਨਾਟੋ ਨਾਲ ਭਵਿੱਖ 'ਚ ਕੋਈ ਯੁੱਧ ਹੁੰਦਾ ਹੈ ਤਾਂ ਕੈਲੀਨਿਨਗ੍ਰਾਦ ਰੂਸੀ ਮੁਹਿੰਮਾਂ ਲਈ ਇਕ ਮਹੱਤਵਪੂਰਨ ਲਾਂਚਪੈਡ ਹੋਵੇਗਾ। ਇਸ ਲਈ ਰੂਸੀ ਫੌਜ ਕੈਲੀਨਿਨਗ੍ਰਾਦ 'ਚ ਆਪਣੀ ਫੌਜੀ ਸ਼ਕਤੀ ਨੂੰ ਕਾਫੀ ਤੇਜ਼ੀ ਨਾਲ ਵਧਾ ਰਹੀ ਹੈ। ਯੂਕ੍ਰੇਨ 'ਚ ਜਾਰੀ ਸਪੈਸ਼ਲ ਮਿਲਟਰੀ ਆਪਰੇਸ਼ਨ ਦੌਰਾਨ ਇਸ ਫੌਜੀ ਅੱਡੇ ਤੋਂ ਪ੍ਰਮਾਣੂ ਮਿਜ਼ਾਈਲ ਹਮਲੇ ਦਾ ਅਭਿਆਸ ਵੀ ਸਿੱਧੇ ਤੌਰ 'ਤੇ ਨਾਟੋ ਨੂੰ ਚੁਣੌਤੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।