MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜੀ 7 ਸਿਖਰ ਸੰਮੇਲਨ ਤੋਂ ਪਹਿਲਾਂ ਰੂਸ ਵੱਲੋਂ ਕੀਵ 'ਤੇ ਹਮਲੇ, ਦਾਗ਼ੀਆਂ ਮਿਜ਼ਾਈਲਾਂ

ਕੀਵ 26 ਜੂਨ (ਮਪ) ਜਰਮਨੀ 'ਚ ਹੋ ਰਹੇ ਜੀ7 ਸਿਖਰ ਸੰਮੇਲਨ ਤੋਂ ਕੁਝ ਘੰਟੇ ਪਹਿਲਾਂ ਐਤਵਾਰ ਨੂੰ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ। ਜੀ7 ਦੇਸ਼ਾਂ ਦੀ ਬੈਠਕ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸਮੇਤ ਸੱਤ ਵੱਡੇ ਅਰਥਚਾਰਿਆਂ ਵਾਲੇ ਦੇਸ਼ਾਂ ਦੇ ਨੇਤਾ ਰੂਸ 'ਤੇ ਨਵੀਆਂ ਪਾਬੰਦੀਆਂ ਲਗਾਉਣ 'ਤੇ ਵਿਚਾਰ ਕਰਨਗੇ। ਇਸ ਬੈਠਕ 'ਚ ਵਿਸ਼ੇਸ਼ ਤੌਰ 'ਤੇ ਸੱਦੇ ਗਏ ਮੈਂਬਰ ਦੇ ਰੂਪ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਿੱਸਾ ਲੈ ਰਹੇ ਹਨ। ਹਫ਼ਤਿਆਂ ਬਾਅਦ ਕੀਵ 'ਤੇ ਹੋਏ ਰੂਸੀ ਹਮਲਿਆਂ ਦੌਰਾਨ ਸ਼ਹਿਰ ਦੇ ਵਿਚਕਾਰ ਦੇ ਹਿੱਸੇ 'ਚ ਸਵੇਰੇ ਚਾਰ ਧਮਾਕੇ ਸੁਣਾਈ ਦਿੱਤੇ। ਇਸ ਤੋਂ ਬਾਅਦ ਰਾਜਧਾਨੀ ਦੇ ਦੱਖਣੀ ਹਿੱਸੇ 'ਚ ਦੋ ਧਮਾਕੇ ਸੁਣੇ ਗਏ। ਰਾਸ਼ਟਰਪਤੀ ਜ਼ੇਲੈਂਸਕੀ ਦੇ ਪ੍ਰਸ਼ਾਸਨਿਕ ਦਫ਼ਤਰ ਦੇ ਮੁਖੀ ਆਂਦ੍ਰੇਈ ਯਰਮਕ ਨੇ ਕਿਹਾ ਹੈ ਕਿ ਇਨ੍ਹਾਂ ਹਮਲਿਆਂ ਨਾਲ ਇਕ ਰਿਹਾਇਸ਼ੀ ਇਮਾਰਤ ਤੇ ਬੱਚਿਆਂ ਦੇ ਇਕ ਸਕੂਲ ਨੂੰ ਨੁਕਸਾਨ ਹੋਇਆ ਹੈ। ਯੂਕਰੇਨ ਦੇ ਪੁਲਿਸ ਮੁਖੀ ਇਹੋਰ ਕਲੀਮੈਂਕੋ ਨੇ ਦੱਸਿਆ ਕਿ ਹਮਲਿਆਂ 'ਚ ਪੰਜ ਲੋਕ ਜ਼ਖ਼ਮੀ ਹੋਏ ਹਨ। ਰੂਸੀ ਹਮਲੇ ਖ਼ਿਲਾਫ਼ ਸ਼ੁਰੂ ਤੋਂ ਯੂਕਰੇਨ ਨਾਲ ਖੜ੍ਹੇ ਅਮਰੀਕਾ ਤੇ ਯੂਰਪੀ ਦੇਸ਼ ਆਉਣ ਵਾਲੇ ਦਿਨਾਂ 'ਚ ਰੂਸ 'ਤੇ ਦਬਾਅ ਵਧਾਉਣ ਲਈ ਨਵੀਂ ਰੂਪਰੇਖਾ 'ਤੇ ਵਿਚਾਰ ਕਰਨਗੇ। ਉਹ ਰੂਸ ਦੇ ਜਵਾਬੀ ਕਦਮਾਂ ਨਾਲ ਵਧੀਆਂ ਈਂਧਨ ਤੇ ਅਨਾਜ ਦੀਆਂ ਕੀਮਤਾਂ 'ਤੇ ਚਰਚਾ ਕਰਨਗੇ। ਜੀ7 ਨੇਤਾਵਾਂ ਦੀ ਬੈਠਕ 'ਚ ਸ਼ਾਮਿਲ ਹੋਣ ਜਰਮਨੀ ਪੁੱਜੇ ਬਿ੍ਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ਿਲਾਫ਼ ਤਾਲਮੇਲ ਤੇ ਇਕਜੁੱਟਤਾ ਬਣਾਈ ਰੱਖਣੀ ਪਵੇਗੀ। ਰੂਸ ਖ਼ਿਲਾਫ਼ ਕਾਰਵਾਈ ਤੋਂ ਪਿੱਛੇ ਹਟਣ ਦਾ ਮਤਲਬ ਪੁਤਿਨ ਦੀ ਜਿੱਤ ਹੋਵੇਗੀ। ਯੂਕਰੇਨ ਦੇ ਵੱਡੇ ਹਿੱਸੇ 'ਤੇ ਰੂਸ ਦਾ ਕਬਜ਼ਾ ਹੋਵੇਗਾ। ਹਮਲਿਆਂ ਦਾ ਘੇਰਾ ਵਧਾਉਣਾ ਪਵੇਗਾ। ਪੁਤਿਨ ਦੀ ਜਿੱਤ ਦੀ ਕੀਮਤ ਬਹੁਤ ਭਾਰੀ ਹੋਵੇਗੀ। ਸੀਵਿਰੋਡੋਨੈਸਕ ਦੀ ਜਿੱਤ ਤੋਂ ਬਾਅਦ ਰੂਸ ਨੇ ਕਿਹਾ ਹੈ ਕਿ ਡੋਨਬਾਸ (ਲੁਹਾਂਸਕ ਤੇ ਡੋਨੈਸਕ ਸੂਬਾ) ਦਾ ਇਲਾਕਾ ਆਜ਼ਾਦ ਰਾਸ਼ਟਰ ਹੈ। ਇਸ ਰਾਸ਼ਟਰ ਦੇ ਗਠਨ ਦੀ ਸ਼ੁਰੂਆਤ 2014 'ਚ ਹੋ ਗਈ ਸੀ। ਇਸੇ ਸਾਲ ਫਰਵਰੀ 'ਚ ਉਸ ਨੂੰ ਰਸਮੀ ਮਾਨਤਾ ਦੇ ਦਿੱਤੀ ਗਈ। ਹੁਣ ਹਿ ਰਾਸ਼ਟਰ ਆਜ਼ਾਦ ਹੋਣ ਜਾ ਰਿਹਾ ਹੈ। ਰੂਸੀ ਫ਼ੌਜ ਦਾ ਅਗਲਾ ਨਿਸ਼ਾਨਾ ਸਿਰਿਵੋਡੋਨੈਸਕ ਦਾ ਗੁਆਂਢੀ ਸ਼ਹਿਰ ਲਿਸਿਚਾਂਸਕ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਸੀਵਿਰੋਡੋਨੈਸਕ ਸਮੇਤ ਉਨ੍ਹਾਂ ਸਾਰੇ ਸ਼ਹਿਰਾਂ ਨੂੰ ਵਾਪਸ ਲਿਆ ਜਾਵੇਗਾ ਜਿਨ੍ਹਾਂ 'ਤੇ ਰੂਸੀ ਫ਼ੌਜ ਨੇ ਕਬਜ਼ਾ ਕੀਤਾ ਹੈ।