MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਉਲੰਪੀਅਨ ਵਰਿੰਦਰ ਸਿੰਘ ਨਹੀਂ ਰਹੇ

ਜੱਦੀ ਪਿੰਡ ਧੰਨੋਵਾਲੀ ਵਿਖੇ ਕੀਤਾ ਗਿਆ ਅੰਤਿਮ ਸਸਕਾਰ

 

ਜਲੰਧਰ 28 ਜੂਨ ( ਰਮੇਸ਼ ਗਾਬਾ ) 1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਉਲੰਪੀਅਨ ਵਰਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਨੇ ਆਖਰੀ ਸਾਹ 28 ਜੂਨ ਸਵੇਰੇ 6 ਵਜੇ ਦੇ ਕਰੀਬ ਲਏ। ਉਲੰਪੀਅਨ ਵਰਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ । ਉਲੰਪੀਅਨ ਵਰਿੰਦਰ ਸਿੰਘ ਸਾਰੀ ਉਮਰ ਹਾਕੀ ਦੀ ਖੇਡ ਨਾਲ ਹੀ ਜੁੜੇ ਰਹੇ। ਬਿਮਾਰ ਹੋਣ ਸਮੇਂ ਤੱਕ ਵੀ ਉਹ ਲਗਾਤਾਰ ਹਾਕੀ ਦੀ ਕੋਚਿੰਗ ਕਰਦੇ ਰਹੇ। ਇਸ ਸਮੇਂ ਉਹ ਰਾਊਂਡ ਗਲਾਸ ਹਾਕੀ ਅਕੈਡਮੀ ਦੇ ਵੀ ਮੁੱਖ ਕੋਚ ਸਨ ਅਤੇ ਨਾਲ ਹੀ ਉਹ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਮਹਿਲਾ ਹਾਕੀ ਟੀਮ ਦੇ ਵੀ ਮੁੱਖ ਕੋਚ ਸਨ। ਆਪਣੇ ਜੀਵਨ ਦੌਰਾਨ ਉਨ੍ਹਾਂ ਭਾਰਤੀ ਰੇਲਵੇ ਦੇ ਵੱਡੇ ਅਫਸਰ ਦੇ ਤੌਰ ਤੇ ਸੇਵਾਵਾਂ ਦਿੱਤੀਆਂ। ਰਿਟਾਇਰਮੈਂਟ ਤੋਂ ਬਾਅਦ ਉਲੰਪੀਅਨ ਵਰਿੰਦਰ ਸਿੰਘ ਨੇ ਪੰਜਾਬ ਖੇਡ ਵਿਭਾਗ ਵਿੱਚ ਬਤੌਰ ਕੋਚ ਸੇਵਾਵਾਂ ਦਿੱਤੀਆਂ। ਉਲੰਪੀਅਨ ਵਰਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਦੇ ਹੋਏ ਉਲੰਪੀਅਨ ਪਰਗਟ ਸਿੰਘ ਨੇ ਕਿਹਾ ਕਿ ਭਾਰਤੀ ਹਾਕੀ ਜਗਤ ਨੇ ਇਕ ਇਹੋ ਜਿਹਾ ਹੀਰਾ ਗੁਆ ਲਿਆ ਜਿਸ ਦੀ ਰੋਸ਼ਨੀ ਨਾਲ ਭਾਰਤੀ ਹਾਕੀ ਅੱਗੇ ਵੱਧ ਰਹੀ ਸੀ। ਉਨ੍ਹਾਂ ਕਿਹਾ ਕਿ ਇਹੋ ਜਿਹੇ ਖਿਡਾਰੀ ਉਭਰਦੇ ਖਿਡਾਰੀਆਂ ਲਈ ਪ੍ਰੇਰਣਾ ਸਰੋਤ ਹਨ। ਉਲੰਪੀਅਨ ਵਰਿੰਦਰ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਧੰਨੋਵਾਲੀ ਵਿਖੇ 28 ਜੂਨ ਨੂੰ ਸ਼ਾਮ ਨੂੰ ਕਰ ਦਿੱਤਾ ਗਿਆ।ਇਸ ਮੌਕੇ ਤੇ ਬਹੁਤ ਸਾਰੇ ਸਾਬਕਾ ਖਿਡਾਰੀ, ਰਾਜਨੀਤਕ ਸ਼ਖਸ਼ੀਅਤਾਂ ਅਤੇ ਪਿੰਡ ਵਾਸੀ ਹਜ਼ਾਰ ਸਨ।