MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

PM ਮੋਦੀ ਨੇ ਜਰਮਨ ਚਾਂਸਲਰ ਸਕੋਲਜ਼ ਨਾਲ ਗੱਲਬਾਤ ਦੌਰਾਨ ਦੁਵੱਲੀ ਰਣਨੀਤਕ ਸਾਂਝੇਦਾਰੀ 'ਤੇ ਕੀਤੀ ਚਰਚਾ

ਜਰਮਨੀ 28 ਜੂਨ (ਮਪ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਥੇ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਆਪੋ-ਆਪਣੇ ਨਾਗਰਿਕਾਂ ਅਤੇ ਵਿਸ਼ਵ ਹਿੱਤਾਂ ਦੇ ਫਾਇਦੇ ਲਈ ਦੁਵੱਲੇ ਦੋਸਤਾਨਾ ਸੰਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਤੇ ਆਪਸੀ ਰਣਨੀਤਕ ਸਾਂਝੇਦਾਰੀ ਨੂੰ ਹੁਲਾਰਾ ਦੇਣ ਲਈ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਮੋਦੀ ਨੇ ਦੱਖਣੀ ਜਰਮਨੀ ਦੇ ਸ਼ਲੋਸ ਇਲਾਮਾਊ ਵਿੱਚ ਜੀ-7 ਸਿਖਰ ਸੰਮੇਲਨ ਬਾਰੇ ਸਕੋਲਜ਼ ਨਾਲ ਗੱਲਬਾਤ ਕੀਤੀ। ਮੋਦੀ ਐਤਵਾਰ ਤੋਂ ਆਪਣੇ 2 ਦਿਨਾ ਦੌਰੇ 'ਤੇ ਜਰਮਨੀ 'ਚ ਹਨ। ਮੋਦੀ ਨੇ ਟਵੀਟ ਕੀਤਾ, ''ਸਕੋਲਜ਼ ਨਾਲ ਸ਼ਾਨਦਾਰ ਮੁਲਾਕਾਤ (ਹੋਈ)। ਜੀ-7 ਸਿਖਰ ਸੰਮੇਲਨ ਦੌਰਾਨ ਉਨ੍ਹਾਂ ਦੀ ਨਿੱਘੀ ਪ੍ਰਾਹੁਣਚਾਰੀ ਲਈ ਧੰਨਵਾਦ ਕੀਤਾ। ਅਸੀਂ ਵਣਜ ਅਤੇ ਊਰਜਾ ਵਰਗੇ ਮੁੱਖ ਖੇਤਰਾਂ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ। ਅਸੀਂ ਇਸ ਗੱਲ 'ਤੇ ਵੀ ਚਰਚਾ ਕੀਤੀ ਕਿ ਕਿਵੇਂ ਪੂਰੀ ਦੁਨੀਆ ਲਈ ਵਾਤਾਵਰਣ ਮਿੱਤਰਤਾ ਨੂੰ ਹੋਰ ਵਧਾਉਣਾ ਹੈ।" ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨੀ 'ਚ ਜੀ-7 ਬੈਠਕ 'ਚ ਓਲਾਫ ਸਕੋਲਜ਼ ਨਾਲ ਮੁਲਾਕਾਤ ਕੀਤੀ। ਉਹ ਆਪਣੇ ਨਾਗਰਿਕਾਂ ਅਤੇ ਪੂਰੀ ਦੁਨੀਆ ਦੇ ਫਾਇਦੇ ਲਈ ਭਾਰਤ-ਜਰਮਨੀ ਦੋਸਤੀ ਨੂੰ ਹੋਰ ਅੱਗੇ ਲਿਜਾਣ ਦੇ ਤਰੀਕਿਆਂ ਅਤੇ ਸਾਧਨਾਂ 'ਤੇ ਵਿਚਾਰ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ''ਜੀ-7 ਸਿਖਰ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਵਿਚਾਲੇ ਹੋਈ ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਭਾਰਤ-ਜਰਮਨੀ ਸਾਂਝੇਦਾਰੀ ਨੂੰ ਅੱਗੇ ਵਧਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਸੰਸਥਾਵਾਂ ਵਿਚਕਾਰ ਵਿਆਪਕ ਤਾਲਮੇਲ ਲਈ ਰੂਪ-ਰੇਖਾ 'ਤੇ ਵੀ ਚਰਚਾ ਕੀਤੀ। ਬਰਲਿਨ 'ਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਦੋਵਾਂ ਨੇਤਾਵਾਂ ਦੀ ਇਕ 'ਸ਼ਾਨਦਾਰ ਮੁਲਾਕਾਤ' ਹੋਈ। ਪਿਛਲੀ ਮਈ ਵਿੱਚ ਬਰਲਿਨ 'ਚ ਹੋਈ ਮੀਟਿੰਗ ਤੋਂ ਬਾਅਦ ਮੋਦੀ ਦੀ ਸਕੋਲਜ਼ ਨਾਲ ਇਹ ਪਹਿਲੀ ਮੁਲਾਕਾਤ ਸੀ। ਭਾਰਤ-ਜਰਮਨੀ ਰਣਨੀਤਕ ਭਾਈਵਾਲੀ 2000 ਵਿੱਚ ਬਣਾਈ ਗਈ ਸੀ। ਆਈ.ਜੀ.ਸੀ. ਦੀ ਸ਼ੁਰੂਆਤ ਸਰਕਾਰ ਦੇ ਮੁਖੀਆਂ ਦੇ ਪੱਧਰ 'ਤੇ 2011 ਵਿੱਚ ਕੀਤੀ ਗਈ ਸੀ।