MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੰਯੁਕਤ ਰਾਸ਼ਟਰ ਮੁਖੀ ਨੇ ਵਿਸ਼ਵ ਨੇਤਾਵਾਂ ਨੂੰ ਦਿੱਤੀ ਚੇਤਾਵਨੀ, ਦੁਨੀਆ 'ਡੂੰਘੇ ਸੰਕਟ' 'ਚ

ਸੰਯੁਕਤ ਰਾਸ਼ਟਰ  21 ਸਤੰਬਰ (ਮਪ) ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਵਿਸ਼ਵ ਨੇਤਾਵਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ 'ਦੁਨੀਆ ਡੂੰਘੇ ਸੰਕਟ’ ਵਿੱਚ ਹੈ। ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਵਿਸ਼ਵ ਨੇਤਾਵਾਂ ਨਾਲ ਹੋਣ ਵਾਲੀ ਆਹਮੋ-ਸਾਹਮਣੇ ਦੀ ਮੀਟਿੰਗ ਤੋਂ ਪਹਿਲਾਂ ਕਿਹਾ ਕਿ ਸੰਘਰਸ਼, ਜਲਵਾਯੂ ਤਬਾਹੀ, ਵਧਦੀ ਗਰੀਬੀ ਅਤੇ ਅਸਮਾਨਤਾ ਅਤੇ ਯੂਕ੍ਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਮਹਾਂਸ਼ਕਤੀਆਂ ਦਰਮਿਆਨ ਪੈਦਾ ਹੋਈ ਦਰਾਰ ਨੂੰ ਦੂਰ ਕਰਨ ਲਈ ਕੰਮ ਕਰਨ ਦੀ ਲੋੜ ਹੈ। ਮੰਗਲਵਾਰ ਨੂੰ ਸ਼ੁਰੂ ਹੋ ਰਹੀ ਨੇਤਾਵਾਂ ਦੀ ਮੀਟਿੰਗ ਵਿੱਚ ਭਾਸ਼ਣ ਅਤੇ ਟਿੱਪਣੀ ਤੋਂ ਪਹਿਲਾਂ ਗੁਤਾਰੇਸ ਨੇ ਰੇਖਾਂਕਿਤ ਕੀਤਾ ਕਿ "ਨਾ ਸਿਰਫ਼ ਜਲਵਾਯੂ ਤਬਦੀਲੀ ਦੇ ਸੰਕਟ ਨਾਲ ਧਰਤੀ ਨੂੰ ਬਚਾਉਣ ਦੀ ਸਗੋਂ ਕੋਵਿਡ-19 ਮਹਾਮਾਰੀ ਨਾਲ ਨਜਿੱਠਣਾ ਦੀ ਵੀ ਇੱਕ 'ਵੱਡੀ' ਚੁਣੌਤੀ ਹੈ।" ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅਨੁਸਾਰ, ਧਰਤੀ ਪਹਿਲਾਂ ਹੀ "ਬਾਰੂਦ ਦੇ ਢੇਰ 'ਤੇ ਹੈ। ਉਨ੍ਹਾਂ ਰੇਖਾਂਕਿਤ ਕੀਤਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਵਿੱਤੀ ਸਰੋਤਾਂ ਦੀ ਘਾਟ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇਸ਼ਾਂ ਵਿੱਚ ਸਿੱਖਿਆ, ਸਿਹਤ ਅਤੇ ਔਰਤਾਂ ਦੇ ਅਧਿਕਾਰਾਂ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਗੁਤਾਰੇਸ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਨਗੇ।