MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰੂਸ ਨੂੰ ਯੂਕਰੇਨ ਖ਼ਿਲਾਫ਼ ਜੰਗ 'ਚ ਆਪਣੀ ਜਿੱਤ ਦਾ ਪੱਕਾ ਭਰੋਸਾ, ਮਾਸਕੋ ਨੇ ਯੂਰਪੀਅਨ ਸੰਸਦ ਨੂੰ ਕਿਹਾ- Sponsor of Idiocy

ਮਾਸਕੋ 24 ਨਵੰਬਰ 2022 (ਮਪ) ਰੂਸ ਨੇ ਕਿਹਾ ਹੈ ਕਿ ਉਸ ਨੂੰ ਯੂਕਰੇਨ ਯੁੱਧ ਵਿੱਚ ਜਿੱਤ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ। ਉਸ ਦਾ ਮੰਨਣਾ ਹੈ ਕਿ ਇਸ ਵਿਚ ਜਿੱਤ ਉਸ ਦੀ ਹੀ ਹੋਵੇਗੀ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਹ ਬਿਆਨ ਯੂਕਰੇਨ 'ਚ ਊਰਜਾ ਸੰਸਥਾਵਾਂ 'ਤੇ ਹਮਲੇ ਤੋਂ ਬਾਅਦ ਦਿੱਤਾ ਹੈ। ਕ੍ਰੇਮਲਿਨ ਦੇ ਬੁਲਾਰੇ ਨੇ ਕਿਹਾ ਕਿ ਇੱਕ ਦਿਨ ਉਹ ਯੂਕਰੇਨ ਵਿੱਚ ਚੱਲ ਰਹੇ ਵਿਸ਼ੇਸ਼ ਆਪ੍ਰੇਸ਼ਨ ਵਿੱਚ ਜਿੱਤ ਪ੍ਰਾਪਤ ਕਰਨਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਰਮੇਨੀਆ ਦੇ ਦੌਰੇ 'ਤੇ ਹਨ। ਬੁਲਾਰੇ ਪੇਸਕੋਵ ਵੀ ਉਨ੍ਹਾਂ ਦੇ ਨਾਲ ਮੌਜੂਦ ਹਨ। ਰੂਸੀ ਬੁਲਾਰੇ ਪੇਸਕੋਵ ਨੇ ਇਹ ਨਹੀਂ ਦੱਸਿਆ ਕਿ ਅਰਮੇਨੀਆ ਦੀ ਰਾਜਧਾਨੀ ਯੇਰੇਵਨ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਰੂਸ ਦੀ ਭਵਿੱਖੀ ਰਣਨੀਤੀ ਕੀ ਹੈ। ਪੇਸਕੋਵ ਨੇ ਇਸ ਸਬੰਧ ਵਿਚ ਪੁੱਛੇ ਗਏ ਸਵਾਲਾਂ ਨੂੰ ਟਾਲ ਦਿੱਤਾ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਬੈਠਕ ਨੂੰ ਸੰਬੋਧਿਤ ਕੀਤਾ। ਇਹ ਸੰਬੋਧਨ ਯੂਰਪੀ ਸੰਸਦ ਦੇ ਉਸ ਬਿਆਨ ਤੋਂ ਬਾਅਦ ਹੋਇਆ ਹੈ, ਜਿਸ 'ਚ ਉਸ ਨੇ ਯੂਕਰੇਨ 'ਤੇ ਰੂਸੀ ਹਮਲਿਆਂ ਨੂੰ ਮਾਸਕੋ ਵੱਲੋਂ ਥੋਪਿਆ ਅੱਤਵਾਦ ਦੱਸਿਆ ਸੀ। ਹਾਲਾਂਕਿ ਪ੍ਰੈਸ ਕਾਨਫਰੰਸ ਦੌਰਾਨ ਪੇਸਕੋਵ ਨੇ ਯੂਰਪੀ ਸੰਸਦ ਦੇ ਬਿਆਨ 'ਤੇ ਕੋਈ ਟਿੱਪਣੀ ਨਹੀਂ ਕੀਤੀ। ਇਸ ਤੋਂ ਪਹਿਲਾਂ, ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਆਪਣੇ ਟੈਲੀਗ੍ਰਾਮ ਸੰਦੇਸ਼ ਵਿੱਚ ਕਿਹਾ ਸੀ ਕਿ ਉਸਨੇ ਯੂਰਪੀਅਨ ਸੰਸਦ ਨੂੰ ਮੂਰਖਤਾ ਦਾ ਸਪਾਂਸਰ ਕਿਹਾ ਸੀ। ਜ਼ਿਕਰਯੋਗ ਹੈ ਕਿ ਰੂਸ ਨੇ 24 ਫਰਵਰੀ ਨੂੰ ਯੂਕਰੇਨ 'ਤੇ ਪਹਿਲਾ ਹਮਲਾ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤਕ ਇਸ ਜੰਗ ਵਿੱਚ ਯੂਕਰੇਨ ਨੂੰ ਜਾਨ-ਮਾਲ ਦਾ ਜ਼ਬਰਦਸਤ ਨੁਕਸਾਨ ਹੋਇਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਦਾ ਦਾਅਵਾ ਹੈ ਕਿ ਰੂਸ ਨੇ ਇਸ ਯੁੱਧ ਦੇ 9 ਮਹੀਨਿਆਂ ਵਿੱਚ ਯੂਕਰੇਨ ਉੱਤੇ 4800 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ। ਹਾਲ ਹੀ 'ਚ ਰੂਸ ਨੂੰ ਯੂਕਰੇਨ ਦੇ ਖੇਰਸਨ ਸ਼ਹਿਰ ਤੋਂ ਪਿੱਛੇ ਹਟਣਾ ਪਿਆ ਸੀ, ਜਿਸ ਨੂੰ ਯੂਕਰੇਨ ਨੇ ਆਪਣੀ ਵੱਡੀ ਜਿੱਤ ਦੱਸਿਆ ਸੀ। ਯੂਕਰੇਨ ਦਾ ਕਹਿਣਾ ਹੈ ਕਿ ਅੰਤ ਵਿੱਚ ਇਸ ਜੰਗ ਵਿੱਚ ਜਿੱਤ ਉਨ੍ਹਾਂ ਦੀ ਹੀ ਹੋਵੇਗੀ।