MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਦੁਨੀਆ ਸਾਹਮਣੇ ਅੱਤਵਾਦ ਤੇ ਜਲਵਾਯੂ ਬਦਲਾਅ ਦੋ ਵੱਡੇ ਸੰਕਟ : ਮੋਦੀ

ਸਿਓਲ 21 ਫਰਵਰੀ  (ਮਪ) ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਤੇ ਸਿਓਲ ਸ਼ਾਂਤੀ ਪੁਰਸਕਾਰ ਗ੍ਹਿਣ ਕਰਨ ਲਈ ਦੋ ਦਿਨਾ ਦੱਖਣੀ ਕੋਰੀਆ ਯਾਤਰਾ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਦੁਨੀਆ ਦੇ ਸਾਹਮਣੇ ਦੋ ਵੱਡੇ ਸੰਕਟ ਹਨ, ਪਹਿਲਾ ਅੱਤਵਾਦ ਤੇ ਦੂਜਾ ਜਲਵਾਯੂ ਬਦਲਾਅ। ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਤੇ ਕਦਰਾਂ ਕੀਮਤਾਂ ਇਨ੍ਹਾਂ ਦੋਵਾਂ ਸੰਕਟਾਂ ਨਾਲ ਨਜਿੱਠਣ 'ਚ ਦੁਨੀਆ ਦੀ ਮਦਦ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਬਾਨ ਕੀ ਮੂਨ ਦੀ ਮੌਜੂਦਗੀ 'ਚ ਵੱਕਾਈ ਯੋਨਸੇਈ ਯੂਨੀਵਰਸਿਟੀ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਉਨ੍ਹਾਂ ਕਿਹਾ, 'ਇਸ ਮੌਕੇ ਦਾ ਖ਼ਾਸ ਮਹੱਤਵ ਹੈ ਕਿਉਂਕਿ ਅਸੀਂ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮਨਾ ਰਹੇ ਹਾਂ ਤੇ ਦੁਨੀਆ ਲਈ ਉਹ ਸਭ ਤੋਂ ਵੱਡੇ ਮਸੀਹਾ ਹਨ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਮਹਾਤਮਾ ਗਾਂਧੀ ਦੇ ਜੀਵਨ ਨੂੰ ਵੇਖੀਏ ਤਾਂ ਸਾਨੂੰ ਅੱਤਵਾਦ ਤੇ ਜਲਵਾਯੂ ਬਦਲਾਅ ਦੋਵਾਂ ਸਮੱਸਿਆਵਾਂ ਦੇ ਹੱਲ ਮਿਲ ਜਾਂਦੇ ਹਨ। ਜੇਕਰ ਅਸੀਂ ਇਨ੍ਹਾਂ ਸਿੱਖਿਆਵਾਂ, ਕਦਰਾਂ ਕੀਮਤਾਂ ਤੇ ਉਨ੍ਹਾਂ ਦੇ ਸੁਝਾਵਾਂ 'ਤੇ ਗ਼ੌਰ ਕਰੀਏ ਤਾਂ ਸਾਨੂੰ ਅੱਗੇ ਦਾ ਰਾਹ ਵੀ ਮਿਲ ਜਾਂਦਾ ਹੈ। ਉਨ੍ਹਾਂ ਕਿਹਾ, 'ਅੱਤਵਾਦ ਨੇ ਮਨੁੱਖਤਾ ਨੂੰ ਚੁਣੌਤੀ ਦਿੱਤੀ ਹੈ ਤੇ ਅਜਿਹੇ ਸਮੇਂ 'ਚ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ, ਏਕਤਾ ਦਾ ਸੰਦੇਸ਼, ਕਦਰਾਂ ਕੀਮਤਾਂ ਤੇ ਅਹਿੰਸਾ ਰਾਹੀਂ ਹਿੰਸਾ ਦਾ ਰਸਤਾ ਅਖ਼ਤਿਆਰ ਕਰਨ ਵਾਲਿਆਂ ਦਾ ਦਿਲ ਬਦਲਾਅ ਕਰਨ ਦਾ ਸੰਦੇਸ਼ ਸਾਨੂੰ ਅੱਤਵਾਦ ਖ਼ਿਲਾਫ਼ ਰਸਤਾ ਵਿਖਾ ਸਕਦਾ ਹੈ।' ਹਾਲੀਆ ਪੁਲਵਾਮਾ ਹਮਲੇ ਦੇ ਮੱਦੇਨਜ਼ਰ ਨਰਿੰਦਰ ਮੋਦੀ ਦੇ ਇਸ ਬਿਆਨ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, 'ਮੇਰੇ ਮਿੱਤਰ ਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਬਾਨ ਕੀ ਮੂਨ ਨੇ ਆਪਣੇ ਕਾਰਜਕਾਲ ਦੌਰਾਨ ਮਹਾਤਮਾ ਗਾਂਧੀ ਦੀ ਜੈਅੰਤੀ ਨੂੰ ਅਹਿੰਸਾ ਦਿਵਸ ਐਲਾਨ ਕੀਤਾ ਸੀ ਤੇ ਇਸ ਐਲਾਨ ਨਾਲ ਸਾਨੂੰ ਅੱਤਵਾਦ ਖ਼ਿਲਾਫ਼ ਲੜਾਈ 'ਚ ਮਜ਼ਬੂਤੀ ਮਿਲੀ ਹੈ।' ਮੋਦੀ ਨੇ ਕਿਹਾ ਕਿ 20ਵੀਂ ਸਦੀ 'ਚ ਮਹਾਤਮਾ ਗਾਂਧੀ ਸ਼ਾਇਦ ਮਾਨਵਤਾ ਦਾ ਸਭ ਤੋਂ ਵੱਡਾ ਤੋਹਫ਼ਾ ਸਨ। ਉਨ੍ਹਾਂ ਕਿਹਾ, 'ਪਿਛਲੀ ਸਦੀ 'ਚ ਆਪਣੀ ਸ਼ਖ਼ਸੀਅਤ, ਜੀਵਨ ਤੇ ਕਦਰਾਂ ਕੀਮਤਾਂ ਰਾਹੀਂ ਗਾਂਧੀ ਜੀ ਨੇ ਸਾਨੂੰ ਵਿਖਾਇਆ ਕਿ ਭਵਿੱਖ ਕੀ ਹੋਵੇਗਾ। ਅਸਲ 'ਚ ਉਹ ਕਹਿੰਦੇ ਸਨ ਕਿ ਮੇਰਾ ਜੀਵਨ ਹੀ ਮੇਰੀ ਸਿੱਖਿਆ ਹੈ। ਉਹ ਕਹਿੰਦੇ ਸਨ ਕਿ ਭਗਵਾਨ ਤੇ ਕੁਦਰਤ ਨੇ ਮਨੁੱਖੀ ਜ਼ਰੂਰਤਾਂ ਲਈ ਸਭ ਕੁਝ ਦਿੱਤਾ ਹੈ, ਪਰ ਉਸ ਦੇ ਲਾਲਚ ਲਈ ਨਹੀਂ। ਜੇਕਰ ਅਸੀਂ ਲਾਲਚ ਕਰਾਂਗੇ ਤਾਂ ਸਾਰੇ ਕੁਦਰਤੀ ਵਸੀਲੇ ਖ਼ਤਮ ਹੋ ਜਾਣਗੇ। ਇਸ ਲਈ ਸਾਡੀ ਜੀਵਨਸ਼ੈਲੀ ਜ਼ਰੂਰਤ ਅਧਾਰਤ ਹੋਣੀ ਚਾਹੀਦੀ ਹੈ ਨਾ ਕਿ ਲਾਲਚ 'ਤੇ ਅਧਾਰਤ। ਉਨ੍ਹਾਂ ਦੇ ਜੀਵਨਕਾਲ 'ਚ ਜਲਵਾਯੂ ਬਦਲਾਅ ਤੇ ਵਾਤਾਵਰਨ 'ਤੇ ਕੋਈ ਚਰਚਾ ਨਹੀਂ ਹੋ ਰਹੀ ਸੀ, ਪਰ ਆਪਣੀ ਜੀਵਨਸ਼ੈਲੀ ਰਾਹੀਂ ਉਨ੍ਹਾਂ ਕੋਈ ਕਾਰਬਨ ਫੁੱਟਪਿ੍ੰਟ ਨਹੀਂ ਛੱਡਿਆ। ਉਨ੍ਹਾਂ ਵਿਖਾਇਆ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਵੱਛ ਤੇ ਹਰੀ ਭਰੀ ਧਰਤੀ ਛੱਡੀ ਜਾਣੀ ਜ਼ਰੂਰੀ ਹੈ।'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਯੂਐੱਨ ਦੇ ਸਾਬਕਾ ਸਕੱਤਰ ਜਨਰਲ ਬਾਨ ਕੀ ਮੂਨ ਨੇ ਕਿਹਾ ਕਿ ਉਹ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਤੋਂ ਪੇ੍ਰਿਤ ਸਨ ਤੇ ਮਹਾਤਮਾ ਗਾਂਧੀ ਦਾ ਬੁੱਤ ਦੱਖਣੀ ਕੋਰੀਆਈ ਲੋਕਾਂ ਲਈ ਪ੍ਰਰੇਰਣਾ ਸਰੋਤ ਬਣੇਗਾ। ਬਾਨ ਨੇ ਕਿਹਾ, 'ਮੈਂ 1972 'ਚ ਆਪਣੀ ਰਾਜਨਾਇਕ ਕਰੀਅਰ ਭਾਰਤ ਤੋਂ ਹੀ ਸ਼ੁਰੂ ਕੀਤਾ ਸੀ। ਗਾਂਧੀ ਜੀ ਨੇ ਸੱਤ ਘੋਰ ਪਾਪ ਦੱਸੇ ਹਨ, ਜੋ ਹਨ: ਸਿਧਾਂਤਹੀਣ ਰਾਜਨੀਤੀ, ਕੰਮ ਤੋਂ ਬਿਨਾਂ ਧਨ, ਅੰਤਰਆਤਮਾ ਤੋਂ ਬਿਨਾਂ ਆਨੰਦ, ਬਿਨਾਂ ਚਰਿੱਤਰ ਗਿਆਨ, ਨੈਤਿਕਤਾ ਬਿਨਾਂ ਕਾਰੋਬਾਰ, ਮਾਨਵਤਾ ਬਿਨਾਂ ਵਿਗਿਆਨ ਤੇ ਬਿਨਾਂ ਤਿਆਗ ਦੇ ਪੂਜਾ। ਇਹ ਸਾਡੇ ਸਭ ਲਈ ਪ੍ਰਰੇਰਣਾਦਾਇਕ ਹਨ।' ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਪ੍ਰਰੋਗਰਾਮ 'ਚ ਕੌਮਾਂਤਰੀ ਸਲਾਹਕਾਰਾਂ ਦੇ ਮੈਂਬਰ ਦੇ ਰੂਪ 'ਚ ਉਨ੍ਹਾਂ ਨੂੰ ਸੱਦਾ ਦਿੱਤੇ ਜਾਣ 'ਤੇ ਉਹ ਸਨਮਾਨਤ ਮਹਿਸੂਸ ਕਰ ਰਹੇ ਹਨ। ਪ੍ਰੋਗਰਾਮ 'ਚ ਪੀਐੱਮ ਮੋਦੀ ਦਾ ਸਵਾਗਤ ਕਰਦਿਆਂ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਉਮੀਦ ਪ੍ਰਗਟਾਈ ਕਿ ਮਹਾਤਮਾ ਗਾਂਧੀ ਦੇ ਮਹਾਨ ਵਿਚਾਰਾਂ ਰਾਹੀਂ ਏਸ਼ੀਆ ਤੇ ਉਸ ਦੇ ਬਾਹਰ ਸ਼ਾਂਤੀ ਸਥਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾ ਇਹ ਬਿਆਨ ਇਸ ਲਈ ਅਹਿਮ ਹੈ ਕਿਉਂਕਿ 27-28 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੂਜੀ ਵਾਰ ਮੁਲਾਕਾਤ ਕਰਨ ਜਾ ਰਹੇ ਹਨ। ਉਨ੍ਹਾਂ ਦੀ ਇਹ ਬੈਠਕ ਵੀਅਤਨਾਮ 'ਚ ਹੋਵੇਗੀ। ਦੱਖਣੀ ਕੋਰੀਆਈ ਰਾਸ਼ਟਰਪਤੀ ਨੇ ਅੱਗੇ ਕਿਹਾ, 'ਜੇਕਰ ਇਸ ਖਿੱਤੇ 'ਚ ਸਥਾਈ ਸ਼ਾਂਤੀ ਸਥਾਪਤ ਹੁੰਦੀ ਹੈ ਤਾਂ ਇਹ ਪੂਰੇ ਏਸ਼ੀਆ ਦੀ ਸ਼ਾਂਤੀ ਤੇ ਖ਼ੁਸ਼ਹਾਲੀ 'ਚ ਯੋਗਦਾਨ ਦੇਵੇਗੀ। ਇਸ ਦਿਸ਼ਾ 'ਚ ਮੈਂ ਭਾਰਤ ਦੇ ਅਤੁੱਟ ਸਮਰਥਨ ਦੀ ਉਮੀਦ ਕਰਦਾ ਹਾਂ ਕਿਉਂਕਿ ਕੌਮਾਂਤਰੀ ਸ਼ਾਂਤੀ ਅਭਿਆਨਾਂ 'ਚ ਉਸ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ।'