MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਾਜਨੀਤੀ ਵਿੱਚ ਏਂਟਰੀ ਦੇ ਬਾਅਦ ਆਪਣੇ ਪਹਿਲੇ ਭਾਸ਼ਣ ਵਿੱਚ ਮਤਦਾਤਾਵਾਂ ਨੂੰ ਬੋਲੀਂ ਪ੍ਰਿਅੰਕਾ ਗਾਂਧੀ - “ਆਪ ਜਾਗਰੁਕ ਬਣੋ , ਇਸ ਤੋਂ ਵੱਡੀ ਕੋਈ ਦੇਸ਼ ਭਗਤੀ ਨਹੀਂ” , ਪੀਏਮ ਮੋਦੀ ਉੱਤੇ ਸਾਧਿਆ ਨਿਸ਼ਾਨਾ

ਅਹਿਮਦਾਬਾਦ  12 ਮਾਰਚ (ਮਪ)  ਕਾਂਗਰਸ ਜਨਰਲ ਸਕੱਤਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਬਣਨ ਤੋਂ ਬਾਅਦ ਪ੍ਰਿਅੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਪਹਿਲੀ ਵਾਰ ਗੁਜਰਾਤ 'ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਗਾਂਧੀ ਨਗਰ 'ਚ ਕਰੀਬ 10 ਮਿੰਟ ਦੇ ਆਪਣੇ ਸੰਬੋਧਨ 'ਚ ਉਨ੍ਹਾਂ ਮਹਾਤਮਾ ਗਾਂਧੀ, ਪ੍ਰੇਮ ਅਤੇ ਅਹਿੰਸਾ ਦੀ ਗੱਲ ਕਰਦੇ ਹੋਏ ਭਾਜਪਾ ਅਤੇ ਪੀਐਮ ਮੋਦੀ 'ਤੇ ਨਿਸ਼ਾਨਾ ਲਾਇਆ। ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਇਹ ਦੇਸ਼ ਤੁਹਾਡਾ ਹੈ, ਜੋ ਲੋਕ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਉਨ੍ਹਾਂ ਤੋਂ ਪੁੱਛੋ ਕਿ ਜੋ 15 ਲੱਖ ਰੁਪਏ ਤੁਹਾਡੇ ਖਾਤੇ 'ਚ ਆਉਣੇ ਸਨ, ਉਹ ਕਿੱਥੇ ਹਨ? 2 ਕਰੋੜ ਨੌਕਰੀਆਂ ਦੇ ਵਾਅਦੇ ਦਾ ਕੀ ਹੋਇਆ, ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ ਮਹੀਨਿਆਂ 'ਚ ਫਜ਼ੂਲ ਦੇ ਮੁੱਦੇ ਉੁਠਾਏ ਜਾਣਗੇ, ਇਸ ਤਰ੍ਹਾਂ ਤੁਸੀਂ ਜਾਗਰੂਕ ਹੋਣਾ ਹੈ ਕਿਉਂਕਿ ਇਸ ਚੋਣ ਦੇ ਜ਼ਰੀਏ ਤੁਸੀਂ ਆਪਣਾ ਭਵਿੱਖ ਚੁਣਨ ਜਾ ਰਹੇ ਹੋ।
ਗੁਜਰਾਤ 'ਚ ਕਰੀਬ ਛੇ ਦਹਾਕਿਆਂ ਬਾਅਦ ਸ਼ਾਹੀਬਾਗ਼ ਸਰਦਾਰ ਪਟੇਲ ਸਮਾਰਕ ਭਵਨ 'ਚ ਮੰਗਲਵਾਰ ਨੂੰ ਹੋਈ ਕਾਂਗਰਸ ਕਾਰਜਕਾਰਨੀ ਦੀ ਬੈਠਕ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਲਾਇਆ। ਮੋਦੀ ਦੇ ਗੜ੍ਹ ਗੁਜਰਾਤ ਤੋਂ ਕਾਂਗਰਸ ਨੇ ਚੋਣਾਂ ਦਾ ਬਿਗੁਲ ਵਜਾ ਕੇ ਨੋਟਬੰਦੀ, ਜੀਐੱਸਟੀ ਤੇ ਬੇਰੁਜ਼ਗਾਰੀ ਨੂੰ ਲੈ ਕੇ ਸਰਕਾਰ ਨੂੰ ਘੇਰਿਆ।
ਪ੍ਰਿਅੰਕਾ ਗਾਂਧੀ ਨੇ ਗਾਂਧੀਨਗਰ 'ਚ ਕਿਹਾ ਕਿ ਕਾਂਗਰਸ ਵਰਕਰ ਜਾਗਰੂਕ ਹੋਣ, ਇਹੀ ਦੇਸ਼ਭਗਤੀ ਹੈ। ਉਨ੍ਹਾਂ ਕਿਹਾ ਕਿ ਅਗਲੀ ਲੜਾਈ ਆਜ਼ਾਦੀ ਦੀ ਲੜਾਈ ਤੋਂ ਘੱਟ ਨਹੀਂ ਹੈ। ਔਰਤਾਂ ਦੀ ਸੁਰੱਖਿਆ 'ਤੇ ਸਵਾਲ ਕਰਨਾ ਪਵੇਗਾ। ਪ੍ਰਿਅੰਕਾ ਨੇ ਕਿਹਾ ਕਿ ਇਹ ਦੇਸ਼ ਪ੍ਰੇਮ, ਸਦਭਾਵਨਾ ਅਤੇ ਭਾਈਚਾਰੇ ਦੀ ਨੀਂਹ 'ਤੇ ਬਣਿਆ ਹੈ। ਅੱਜ ਦੇਸ਼ 'ਚ ਜੋ ਕੁਝ ਵੀ ਹੋ ਰਿਹਾ ਹੈ, ਉਹ ਬਹੁਤ ਦੁਖਦਾਈ ਹੈ।
ਉਨ੍ਹਾਂ ਕਿਹਾ ਕਿ ਤੁਹਾਨੂੰ ਸੋਚਣਾ ਪਵੇਗਾ ਕਿ ਅਸਲ 'ਚ ਇਹ ਚੋਣ ਕੀ ਹੈ। ਇਸ ਚੋਣ 'ਚ ਤੁਸੀਂ ਕੀ ਚੁਣਨ ਜਾ ਰਹੇ ਹੋ? ਤੁਸੀਂ ਆਪਣਾ ਭਵਿੱਖ ਚੁਣਨ ਜਾ ਰਹੇ ਹੋ। ਬੇਕਾਰ ਦੇ ਮੁੱਦਿਆਂ ਨੂੰ ਨਹੀਂ ਉਠਾਇਆ ਜਾਣਾ ਚਾਹੀਦਾ। ਜਿਨ੍ਹਾਂ ਮੁੱਦਿਆਂ ਨੂੰ ਉਠਾਇਆ ਜਾਣਾ ਚਾਹੀਦਾ ਹੈ, ਉਨ੍ਹਾਂ 'ਚ ਸ਼ਾਮਲ ਹੋਣਾ ਚਾਹੀਦਾ ਹੈ ਜੋ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਹੈ ਅਤੇ ਤੁਸੀਂ ਕਿਵੇਂ ਅੱਗੇ ਵਧ ਸਕਦੇ ਹੋ। ਨੌਜਵਾਨਾਂ ਨੂੰ ਰੁਜ਼ਗਾਰ ਕਿਵੇਂ ਮਿਲੇਗਾ, ਔਰਤਾਂ ਕਿਵੇਂ ਸੁਰੱਖਿਅਤ ਮਹਿਸੂਸ ਕਰਨਗੀਆਂ, ਕਿਸਾਨਾਂ ਲਈ ਕੀ ਕੀਤਾ ਜਾਵੇਗਾ। ਇਹ ਚੋਣਾਂ ਦੇ ਮੁੱਦੇ ਹਨ।
ਗਾਂਧੀ 'ਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਮਹਾਤਮਾ ਗਾਂਧੀ ਤੇ ਸੰਘ ਦੀ ਵਿਚਾਰਧਾਰਾ ਦੀ ਲੜਾਈ ਦਰਮਿਆਨ ਹੋਣਗੀਆਂ। ਰਾਹੁਲ ਨੇ ਕਿਹਾ ਕਿ ਸੱਤਾ 'ਚ ਆਉਣ 'ਤੇ ਗਰੀਬ, ਪੱਛੜੇ ਅਤੇ ਵਾਂਝੇ ਲੋਕਾਂ ਲਈ ਘੱਟੋ-ਘੱਟ ਆਮਦਨ ਗਾਰੰਟੀ ਯੋਜਨਾ ਲਿਆਵਾਂਗੇ। ਗੁਜਰਾਤ 'ਚ ਕਰੀਬ ਛੇ ਦਹਾਕਿਆਂ ਬਾਅਦ ਹੋਈ ਕਾਂਗਰਸ ਕਾਰਜਕਾਰਨੀ ਦੀ ਬੈਠਕ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੂੰ ਕਈ ਮੁੱਦਿਆਂ 'ਤੇ ਆੜੇ ਹੱਥੀਂ ਲਿਆ।
ਰਾਹੁਲ ਨੇ ਰਾਫੇਲ, ਬੇਰੁਜ਼ਗਾਰੀ, ਨੋਟਬੰਦੀ ਤੇ ਜੀਐੱਸਟੀ ਅਤੇ ਕਿਸਾਨਾਂ ਦੀ ਕਰਜ਼ ਮਾਫੀ ਦੇ ਮੁੱਦਿਆਂ ਨੂੰ ਉਠਾਇਆ। ਰਾਹੁਲ ਨੇ ਸਭ ਤੋਂ ਪਹਿਲਾਂ ਦੇਸ਼ ਦੀ ਅਰਥ ਵਿਵਸਥਾ ਨੂੰ ਬਦਹਾਲ ਕਰਨ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਉਦਯੋਗਪਤੀਆਂ ਦੇ ਲੱਖਾਂ ਕਰੋੜ ਰੁਪਏ ਮਾਫ਼ ਕਰ ਦਿੱਤੇ ਪਰ ਕਾਂਗਰਸ ਨੇ ਤਿੰਨ ਰਾਜਾਂ 'ਚ ਸੱਤਾ 'ਚ ਆਉਂਦੇ ਹੀ ਸਭ ਤੋਂ ਪਹਿਲਾਂ ਕਿਸਾਨਾਂ ਦੇ ਕਰਜ਼ ਮਾਫ਼ ਕੀਤੇ।
ਰਾਹੁਲ ਨੇ ਕਿਹਾ ਕਿ ਜੀਐੱਸਟੀ ਨੂੰ ਲਾਗੂ ਕਰਨ ਲਈ ਮੋਦੀ ਸਰਕਾਰ ਨੇ ਛੋਟੇ ਵਪਾਰੀਆਂ ਨੂੰ ਬਰਬਾਦ ਕਰ ਦਿੱਤਾ। ਗੁਜਰਾਤ ਵਰਗੇ ਉਦਮੀ ਰਾਜ ਦੀ ਤਾਂ ਰੀੜ੍ਹ ਦੀ ਹੱਡੀ ਹੀ ਤੋੜ ਦਿੱਤੀ। ਰਾਹੁਲ ਨੇ ਇਕ ਵਾਰ ਫਿਰ ਲੋਕਾਂ ਤੋਂ ਪੁੱਛਿਆ ਕਿ ਕੀ 15 ਲੱਖ ਉਨ੍ਹਾਂ ਦੇ ਖਾਤੇ 'ਚ ਆਏ? ਮੋਦੀ 'ਤੇ ਝੂਠ ਬੋਲਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੰਜ ਸਾਲ 'ਚ ਕਦੇ ਕਿਸਾਨ ਦੀ ਗੱਲ ਨਹੀਂ ਕੀਤੀ। ਰਾਹੁਲ ਨੇ ਕਿਹਾ ਕਿ ਨਰਿੰਦਰ ਮੋਦੀ ਦੇਸ਼ ਭਗਤੀ ਦੀ ਗੱਲ ਕਰਦੇ ਹਨ। ਰਾਫੇਲ ਨੂੰ ਲੈ ਕੇ ਹਵਾਈ ਫ਼ੌਜ ਸਵਾਲ ਕਰਦੀ ਹੈ ਤਾਂ ਕੋਈ ਜਵਾਬ ਨਹੀਂ ਦਿੰਦੇ। ਪਾਕਿਸਤਾਨ 'ਚ ਜਾ ਕੇ ਬੰਬ ਵਰ੍ਹਾਉਣ ਵਾਲੇ ਲੜਾਕੂ ਜਹਾਜ਼ ਬਣਾਉਣ ਵਾਲੀ ਐੱਚਏਐੱਲ ਕੰਪਨੀ ਨੂੰ ਰਾਫੇਲ ਦਾ ਠੇਕਾ ਨਾ ਦੇ ਕੇ ਆਪਣੇ ਮਿੱਤਰ ਅਨਿਲ ਅੰਬਾਨੀ ਦੀ ਕੰਪਨੀ ਨੂੰ ਦੇ ਦਿੱਤਾ।
ਰਾਹੁਲ ਨੇ ਕਿਹਾ ਕਿ ਪੁਲਵਾਮਾ 'ਚ ਜਵਾਨਾਂ 'ਤੇ ਹਮਲਾ ਕਰਨ ਵਾਲੇ ਮਸੂਦ ਅਜ਼ਹਰ ਨੂੰ ਭਾਜਪਾ ਦੀ ਵਾਜਪਾਈ ਸਰਕਾਰ ਹੀ ਜਹਾਜ਼ 'ਚ ਬਿਠਾ ਕੇ ਕੰਧਾਰ ਛੱਡ ਕੇ ਆਈ ਸੀ। ਵਰਤਮਾਨ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਉਸੇ ਜਹਾਜ਼ 'ਚ ਨਾਲ ਗਏ ਸਨ। ਰਾਹੁਲ ਨੇ ਕਿਹਾ ਕਿ ਮੋਦੀ ਦੇਸ਼ ਨੂੰ ਦੱਸਣ ਕਿ ਮਸੂਦ ਅਜ਼ਹਰ ਨੂੰ ਭਾਰਤ ਤੋਂ ਲਿਜਾ ਕੇ ਪਾਕਿਸਤਾਨ ਦੀ ਜ਼ਮੀਨ 'ਤੇ ਕਿਉਂ ਛੱਡ ਕੇ ਆਏ। ਰਾਹੁਲ ਨੇ ਕਿਹਾ ਕਿ ਭਾਰਤ-ਪਾਕਿਸਤਾਨ ਵਿਚਕਾਰ ਜਦੋਂ ਤਣਾਅ ਚੱਲ ਰਿਹਾ ਸੀ ਉਦੋਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਪੰਜ ਹਵਾਈ ਅੱਡੇ ਆਪਣੇ ਦੂਜੇ ਉੱਦਮੀ ਮਿੱਤਰ ਨੂੰ ਦੇ ਦਿੱਤੇ।