MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਫ਼ੌਜ ਦੇ ਸਿਆਸੀਕਰਨ ਦੇ ਵਿਰੋਧ 'ਚ ਰਾਸ਼ਟਰਪਤੀ ਨੂੰ ਲਿਖੀ ਚਿੱਠੀ 'ਤੇ ਛਿੜਿਆ ਵਿਵਾਦ

ਨਵੀਂ ਦਿੱਲੀ 12 ਅਪ੍ਰੈਲ (ਮਪ) ਚੋਣ 'ਚ ਫ਼ੌਜ ਦੇ ਸਿਆਸੀਕਰਨ ਦੇ ਵਿਰੋਧ 'ਚ ਰਾਸ਼ਟਰਪਤੀ ਨੂੰ ਕਈ ਸਾਬਕਾ ਫ਼ੌਜ ਮੁਖੀਆਂ ਅਤੇ ਫ਼ੌਜੀ ਅਫਸਰਾਂ ਵੱਲੋਂ ਲਿਖੀ ਗਈ ਕਥਿਤ ਚਿੱਠੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਰਾਸ਼ਟਰਪਤੀ ਭਵਨ ਨੇ ਜਿਥੇ ਇਸ ਤਰ੍ਹਾਂ ਦੀ ਕੋਈ ਚਿੱਠੀ ਮਿਲਣ ਤੋਂ ਹੀ ਇਨਕਾਰ ਕੀਤਾ ਹੈ ਉੱਥੇ ਚਿੱਠੀ 'ਤੇ ਦਸਤਖ਼ਤ ਕਰਨ ਵਾਲੇ ਦੱਸੇ ਗਏ ਦੋ ਸਾਬਕਾ ਫ਼ੌਜ ਮੁਖੀਆਂ ਨੇ ਚਿੱਠੀ ਦੀ ਜਾਣਕਾਰੀ ਹੋਣ ਤੋਂ ਹੀ ਇਨਕਾਰ ਕੀਤਾ ਹੈ। ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਚਿੱਠੀ 'ਤੇ ਦਸਤਖ਼ਤ ਕਰਨ ਦੀ ਗੱਲ ਨੂੰ ਵੀ ਨਕਾਰ ਦਿੱਤਾ ਹੈ। ਕਥਿਤ ਪੱਤਰ 'ਚ ਸ਼ਿਕਾਇਤ ਕੀਤੀ ਗਈ ਹੈ ਕਿ ਸੱਤਾਧਾਰੀ ਪਾਰਟੀ ਸਰਜੀਕਲ ਸਟ੍ਰਾਈਕ ਵਰਗੇ ਫ਼ੌਜ ਦੇ ਆਪਰੇਸ਼ਨ ਦਾ ਸਿਹਰਾ ਲੈ ਰਹੀ ਹੈ। ਨਾਲ ਹੀ ਚੋਣ ਪ੍ਰਚਾਰ ਵਿਚ ਭਾਜਪਾ ਆਗੂਆਂ ਵੱਲੋਂ ਦੇਸ਼ ਦੀ ਫ਼ੌਜ ਨੂੰ 'ਮੋਦੀ ਜੀ ਕੀ ਫ਼ੌਜ' ਦੇ ਤੌਰ 'ਤੇ ਦੱਸਿਆ ਜਾ ਰਿਹਾ ਹੈ। ਜਨਤਕ ਹੋਈ ਇਸ ਚਿੱਠੀ ਵਿਚ ਰਾਸ਼ਟਰਪਤੀ ਤੋਂ ਸਿਆਸੀ ਪਾਰਟੀਆਂ ਦੇ ਫ਼ੌਜ ਦਾ ਸਿਆਸੀ ਇਸਤੇਮਾਲ ਰੋਕਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਕ ਚੋਣ ਮੀਟਿੰਗ ਵਿਚ ਭਾਰਤੀ ਫ਼ੌਜ ਨੂੰ 'ਮੋਦੀ ਜੀ ਕੀ ਸੈਨਾ' ਕਹਿ ਦਿੱਤਾ ਸੀ। ਜਿਸ ਪਿੱਛੋਂ ਹੁਣ ਸੇਵਾਮੁਕਤ ਰੱਖਿਆ ਅਧਿਕਾਰੀਆਂ ਨੇ ਰਾਸ਼ਟਰਪਤੀ ਤੋਂ ਫ਼ੌਜ ਦੇ ਸੁਪਰੀਮ ਕਮਾਂਡਰ ਹੋਣ ਦੇ ਨਾਤੇ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਸਾਬਕਾ ਫ਼ੌਜੀਆਂ ਨੇ ਲਿਖਿਆ, 'ਸ਼੍ਰੀਮਾਨ, ਅਸੀਂ ਸਿਆਸੀ ਆਗੂਆਂ ਦੀ ਅਸਾਧਾਰਨ ਅਤੇ ਪੂਰੀ ਤਰ੍ਹਾਂ ਨਾਲ ਅਸਵੀਕਾਰਯੋਗ ਪ੍ਰਕ੍ਰਿਆ ਦਾ ਜ਼ਿਕਰ ਕਰ ਰਹੇ ਹਾਂ ਜਿਸ ਵਿਚ ਉਹ ਸਰਹੱਦ ਪਾਰ ਹਮਲਿਆਂ ਵਰਗੀਆਂ ਫ਼ੌਜੀ ਮੁਹਿੰਮਾਂ ਦਾ ਸਿਹਰਾ ਲੈ ਰਹੇ ਹਨ ਅਤੇ ਇਥੋਂ ਤਕ ਕਿ ਹਥਿਆਰਬੰਦ ਫ਼ੌਜਾਂ ਨੂੰ 'ਮੋਦੀ ਜੀ ਕੀ ਸੈਨਾ' ਹੋਣ ਦਾ ਦਾਅਵਾ ਤਕ ਕਰ ਰਹੇ ਹਨ।' ਸਾਬਕਾ ਫ਼ੌਜੀਆਂ ਨੇ ਕਿਹਾ ਕਿ ਇਹ ਸੇਵਾ ਕਰ ਰਹੇ ਤੇ ਸੇਵਾਮੁਕਤ ਫ਼ੌਜੀਆਂ ਵਿਚਕਾਰ ਚਿੰਤਾ ਦਾ ਮਾਮਲਾ ਹੈ ਕਿ ਹਥਿਆਰਬੰਦ ਫ਼ੌਜਾਂ ਦੀ ਵਰਤੋਂ ਸਿਆਸੀ ਏਜੰਡਾ ਚਲਾਉਣ ਲਈ ਕੀਤੀ ਜਾ ਰਹੀ ਹੈ। ਹਾਲਾਂਕਿ ਸਾਬਕਾ ਫ਼ੌਜੀਆਂ ਵੱਲੋਂ ਫ਼ੌਜਾਂ ਦੇ ਸਿਆਸੀਕਰਨ ਨੂੰ ਲੈ ਕੇ ਲਿਖੀ ਗਈ ਕਥਿਤ ਚਿੱਠੀ ਨੂੰ ਲੈ ਕੇ ਵਿਵਾਦ ਤਦ ਪੈਦਾ ਹੋ ਗਿਆ ਜਦੋਂ ਰਾਸ਼ਟਰਪਤੀ ਭਵਨ ਨੇ ਇਸ ਤਰ੍ਹਾਂ ਦੀ ਕਿਸੇ ਵੀ ਚਿੱਠੀ ਦੇ ਮਿਲਣ ਤੋਂ ਇਨਕਾਰ ਕਰ ਦਿੱਤਾ, ਨਾਲ ਹੀ ਚਿੱਠੀ 'ਤੇ ਜਿਨ੍ਹਾਂ ਲੋਕਾਂ ਦੇ ਦਸਤਖਤ ਹਨ ਉਨ੍ਹਾਂ ਵਿਚੋਂ ਦੋ ਸੀਨੀਅਰ ਅਧਿਕਾਰੀਆਂ ਨੇ ਇਸ ਤਰ੍ਹਾਂ ਦੀ ਕਿਸੇ ਚਿੱਠੀ ਦੇ ਬਾਰੇ ਵਿਚ ਜਾਣਕਾਰੀ ਹੋਣ ਤੋਂ ਹੀ ਇਨਕਾਰ ਕਰ ਦਿੱਤਾ।
ਦੱਸਣਯੋਗ ਹੈ ਕਿ ਜਿਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਇਸ ਚਿੱਠੀ 'ਤੇ ਦਸਤਖ਼ਤ ਹਨ ਉਨ੍ਹਾਂ 'ਚ ਸਾਬਕਾ ਫ਼ੌਜ ਮੁਖੀ ਜਨਰਲ (ਸੇਵਾਮੁਕਤ) ਐੱਸਐੱਫ ਰੋਡਰਿਗਜ਼, ਜਨਰਲ (ਸੇਵਾਮੁਕਤ) ਸ਼ੰਕਰ ਰਾਏ ਚੌਧਰੀ ਅਤੇ ਜਨਰਲ (ਸੇਵਾਮੁਕਤ) ਦੀਪਕ ਕਪੂਰ, ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ (ਸੇਵਾਮੁਕਤ) ਐੱਨਸੀ ਸੂਰੀ ਸ਼ਾਮਲ ਹਨ। ਐੱਸਐੱਫ ਰੋਡਰਿਗਜ਼ ਨੇ ਅਤੇ ਸਾਬਕਾ ਏਅਰ ਚੀਫ ਐੱਨਸੀ ਸੂਰੀ ਨੇ ਅਜਿਹੀ ਕਿਸੇ ਚਿੱਠੀ 'ਤੇ ਦਸਤਖ਼ਤ ਕੀਤੇ ਜਾਣ ਤੋਂ ਪੂਰੀ ਤਰ੍ਹਾਂ ਨਾਲ ਇਨਕਾਰ ਕੀਤਾ ਹੈ। ਐੱਸਐੱਫ ਰੋਡਰਿਗਜ਼ ਨੇ ਕਿਹਾ ਕਿ ਮੈਂ ਆਪਣੇ ਪੂਰੇ ਜੀਵਨ ਵਿਚ ਰਾਜਨੀਤੀ ਤੋਂ ਦੂਰ ਰਿਹਾ ਹਾਂ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਚਿੱਠੀ ਕਿਥੋਂ ਲਿਖੀ ਗਈ। ਇਸ ਦੇ ਇਲਾਵਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਹਰਕਤ ਨਿੰਦਣਯੋਗ ਹੈ। ਹਾਲਾਂਕਿ ਜਦੋਂ ਉਨ੍ਹਾਂ ਤੋਂ ਪੁੱਿਛਆ ਗਿਆ ਕਿ ਕੁਝ ਸਾਬਕਾ ਫ਼ੌਜੀ ਅਧਿਕਾਰੀਆਂ ਨੇ ਚਿੱਠੀ ਲਿਖਣ ਦੀ ਗੱਲ ਸਵੀਕਾਰੀ ਹੈ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਉਧਰ, ਸਾਬਕਾ ਫ਼ੌਜੀ ਅਧਿਕਾਰੀਆਂ ਵੱਲੋਂ ਰਾਸ਼ਟਰਪਤੀ ਨੂੰ ਚਿੱਠੀ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਉਣ ਪਿੱਛੋਂ ਕਾਂਗਰਸ ਵੀ ਕੇਂਦਰ ਸਰਕਾਰ 'ਤੇ ਹਮਲਾਵਰ ਹੈ। ਕਾਂਗਰਸ ਦੀ ਤਰਜਮਾਨ ਪਿ੍ਰਅੰਕਾ ਚਤੁਰਵੇਦੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸਾਬਕਾ ਫ਼ੌਜੀਆਂ ਨੂੰ ਸਾਹਮਣੇ ਆਉਣਾ ਪਿਆ ਹੈ।