MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਿਮ ਜੋਂਗ ਨਾਲ ਤੀਸਰੀ ਬੈਠਕ ਸੰਭਵ - ਟਰੰਪ

ਵਾਸ਼ਿੰਗਟਨ  12 ਅਪ੍ਰੈਲ (ਮਪ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਤਰ ਕੋਰੀਆ ਦੇ ਸਰਵਉੱਚ ਨੇਤਾ ਕਿਮ ਜੋਂਗ ਉਨ ਦੇ ਨਾਲ ਤੀਸਰੀ ਬੈਠਕ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਟਰੰਪ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ 'ਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਦੇ ਨਾਲ ਦੁਵੱਲੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨੂੰ ਇਹ ਗੱਲ ਕਹੀ। ਵ੍ਹਾਈਟ ਹਾਊਸ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਮੁਤਾਬਕ ਉੱਤਰ ਕੋਰੀਆਈ ਨੇਤਾ ਨਾਲ ਤੀਸਰੀ ਮੁਲਾਕਾਤ ਦੀ ਸੰਭਾਵਨਾ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ''ਇਹ ਸੰਭਵ ਹੋ ਸਕਦਾ ਹੈ, ਤੀਸਰਾ ਸਿਖਰ ਸੰਮੇਲਨ ਹੋ ਸਕਦਾ ਹੈ ਜੋ ਕਿ ਇਕ ਪ੍ਰਕਿਰਿਆ ਦੇ ਤਹਿਤ ਹੋਵੇਗਾ। ਇਹ ਤੇਜ਼ ਪ੍ਰਕਿਰਿਆ ਨਹੀਂ ਹੈ, ਮੈਂ ਅਜਿਹਾ ਕਦੀ ਨਹੀਂ ਕਿਹਾ ਕਿ ਇਹ ਹੋਵੇਗਾ। ਮੈਨੂੰ ਸ਼ਿਖਰ ਸੰਮੇਲਨ ਦੇ ਦੌਰਾਨ ਚੰਗਾ ਲੱਗਾ ਅਤੇ ਮੇਰਾ ਮੰਨਣਾ ਹੈ ਕਿ ਉਤਰ ਕੋਰੀਆ ਦੇ ਨੇਤਾ ਨਾਲ ਗੱਲਬਾਤ ਬਿਹਤਰ ਰਹੀ। ਅਮਰੀਕੀ ਰਾਸ਼ਟਰਪਤੀ ਨੇ ਕਿਮ ਜੋਂਗ ਅਤੇ ਦੱਖਣੀ ਕੋਰੀਆਈ ਰਾਸ਼ਟਰਪਤੀ ਦੇ ਨਾਲ ਸਿਖਰ ਸੰਮੇਲਨ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ।