MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਾਇ ਬਰੇਲੀ ਨੇੜੇ ਰੇਲ ਗੱਡੀ ਦੇ ਨੌਂ ਡੱਬੇ ਲੀਹੋਂ ਲੱਥੇ, ਸੱਤ ਮੌਤਾਂ

ਲਖਨਊ, 10 ਅਕਤੂਬਰ (ਮਪ) ਨਵੀਂ ਦਿੱਲੀ ਜਾ ਰਹੀ ਨਿਊ ਫਰੱਕਾ ਐਕਸਪ੍ਰੈਸ ਦੇ ਨੌਂ ਡੱਬੇ ਅੱਜ ਸਵੇਰੇ ਰਾਇ ਬਰੇਲੀ ਨੇੜੇ ਲੀਹੋਂ ਲੱਥ ਗਏ ਜਿਸ ਕਾਰਨ ਸੱਤ ਜਣੇ ਮਾਰੇ ਗਏ ਅਤੇ ਨੌਂ ਜ਼ਖ਼ਮੀ ਹੋ ਗਏ। ਉੱਤਰ ਪ੍ਰਦੇਸ਼ ਦੇ ਏਡੀਜੀ (ਅਮਨ ਕਾਨੂੰਨ) ਅਨੰਦ ਕੁਮਾਰ ਨੇ ਦੱਸਿਆ ਕਿ ਪੱਛਮੀ ਬੰਗਾਲ ਵਿਚ ਮਾਲਦਾ ਤੋਂ ਨਵੀਂ ਦਿੱਲੀ ਜਾ ਰਹੀ ਨਿਊ ਫਰੱਕਾ ਐਕਸਪ੍ਰੈਸ (14003) ਨਾਲ ਅੱਜ ਸਵੇਰੇ 6.10 ਵਜੇ ਰਾਇ ਬਰੇਲੀ ਦੇ ਹਰਚੰਦਪੁਰ ਇਲਾਕੇ ਵਿਚ ਹਾਦਸਾ ਹੋ ਗਿਆ। 30-35 ਵਿਅਕਤੀਆਂ ਨੂੰ ਹਲਕੀਆਂ ਚੋਟਾਂ ਲੱਗੀਆਂ ਹਨ। ਉਂਜ, ਰੇਲਵੇ ਨੇ ਮਰਨ ਵਾਲਿਆਂ ਦੀ ਗਿਣਤੀ ਪੰਜ ਅਤੇ ਜ਼ਖ਼ਮੀਆਂ ਦੀ ਗਿਣਤੀ 19 ਦੱਸੀ ਹੈ। ਜ਼ਖ਼ਮੀਆਂ ਵਿੱਚ ਦਸ ਔਰਤਾਂ ਤੇ ਛੇ ਨਾਬਾਲਗ ਸ਼ਾਮਲ ਹਨ। ਉੱਤਰ ਪ੍ਰਦੇਸ਼ ਸਰਕਾਰ ਦੇ ਤਰਜਮਾਨ ਸ਼੍ਰੀਕਾਂਤ ਸ਼ਰਮਾ ਨੇ ਦੱਸਿਆ ਕਿ ਗੰਭੀਰ ਰੂਪ ਵਿਚ ਜ਼ਖ਼ਮੀ ਚਾਰ ਮੁਸਾਫ਼ਰਾਂ ਨੂੰ ਲਖਨਊ ਦੇ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ ਦੇ ਟਰੌਮਾ ਸੈਂਟਰ ਅਤੇ ਦੋ ਜ਼ਖ਼ਮੀਆਂ ਦਾ ਸੰਜੇ ਗਾਂਧੀ ਪੋਸਟਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵਿਚ ਇਲਾਜ ਕੀਤਾ ਜਾ ਰਿਹਾ ਹੈ। ਬਾਕੀ ਜ਼ਖ਼ਮੀਆਂ ਨੂੰ ਇਲਾਜ ਲਈ ਰਾਇ ਬਰੇਲੀ ਲਿਜਾਇਆ ਗਿਆ ਹੈ। ਫਸੇ ਮੁਸਾਫ਼ਰਾਂ ਨੂੰ ਟਿਕਾਣੇ ’ਤੇ ਪਹੁੰਚਾਉਣ ਲਈ ਵਿਸ਼ੇਸ਼ ਰੇਲ ਗੱਡੀ ਮੰਗਵਾਈ ਗਈ ਜੋ ਬਾਅਦ ਦੁਪਹਿਰ 2.45 ਵਜੇ ਲਖਨਊ ਤੋਂ ਨਵੀਂ ਦਿੱਲੀ ਲਈ ਰਵਾਨਾ ਹੋ ਗਈ।
ਐਨਡੀਆਰਐਫ ਦੀ 40 ਮੈਂਬਰੀ ਟੀਮ ਮੌਕੇ ’ਤੇ ਪਹੁੰਚ ਗਈ ਸੀ। ਏਡੀਜੀ ਕੁਮਾਰ ਮੁਤਾਬਕ ਹਾਦਸੇ ਦੇ ਕਾਰਨ ਬਾਰੇ ਏਟੀਐਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਰੇਲ ਮੰਤਰੀ ਪਿਊਸ਼ ਗੋਇਲ ਨੇ ਮਰਨ ਵਾਲਿਆਂ ਦੇ ਵਾਰਸਾਂ ਲਈ ਪੰਜ ਲੱਖ ਰੁਪਏ, ਜ਼ਖ਼ਮੀਆਂ ਲਈ ਇਕ ਲੱਖ ਰੁਪਏ ਅਤੇ ਮਾਮੂਲੀ ਸੱਟ ਫੇਟ ਵਾਲਿਆਂ ਲਈ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਮਰਨ ਵਾਲਿਆਂ ਦੇ ਵਾਰਸਾਂ ਨੂੰ ਦੋ ਦੋ ਲੱਖ ਰੁਪਏ ਅਤੇ ਗੰਭੀਰ ਰੂਪ ਵਿਚ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿਚ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ ਹੈ ਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਰੇਲਵੇ ਅਧਿਕਾਰੀਆਂ ਨੇ ਮੁਗ਼ਲ ਸਰਾਇ ਦੇ ਦੀਨ ਦਿਆਲ ਉਪਾਧਿਆਏ ਜੰਕਸ਼ਨ ’ਤੇ ਐਮਰਜੈਂਸੀ ਹੈਲਪਲਾਈਨ ਸਥਾਪਤ ਕੀਤੀ ਹੈ।