MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰੂਸ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਈਰਾਨ ਨਾਲ ਜਾਰੀ ਰਹੇਗਾ ਵਪਾਰ

ਬ੍ਰਸਲਸ 9 ਜੁਲਾਈ (ਮਪ) ਰੂਸ ਨੇ ਕਿਹਾ ਹੈ ਕਿ ਈਰਾਨ ਦੇ ਖਿਲਾਫ ਲਾਈਆਂ ਗਈਆਂ ਅਮਰੀਕੀ ਪਾਬੰਦੀਆਂ ਨੂੰ ਉਹ ਨਜ਼ਰਅੰਦਾਜ਼ ਕਰਦਿਆਂ ਉਸ ਦੇ ਨਾਲ ਵਪਾਰ ਜਾਰੀ ਰੱਖੇਗਾ। ਯੂਰਪੀ ਸੰਘ 'ਚ ਰੂਸ ਦੇ ਸਥਾਈ ਪ੍ਰਤੀਨਿਧੀ ਵਲਾਦੀਮੀਰ ਚਿਝੋਵ ਨੇ ਸਪੁਤਨਿਕ ਨੂੰ ਕਿਹਾ ਕਿ ਸਾਡੇ ਸਹਿਯੋਗੀ ਇਥੇ ਪੁੱਛਦੇ ਹਨ ਕਿ ਰੂਸ ਤੇ ਚੀਨ ਵਪਾਰ ਤਾਲਮੇਲ 'ਚ ਸਹਿਯੋਗ ਦੇ ਲਈ ਇਨਟੈਕਸ ਦਾ ਗਠਨ ਕਿਉਂ ਨਹੀਂ ਕਰਦੇ। ਇਸ ਦੇ ਜਵਾਬ 'ਚ ਅਸੀਂ ਕਹਿੰਦੇ ਹਾਂ ਕਿ ਸਾਨੂੰ ਇਸ ਦੀ ਲੋੜ ਕੀ ਹੈ।  ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਤੋਂ ਵਪਾਰ ਕਰ ਰਹੇ ਹਾਂ ਤੇ ਅਮਰੀਕੀ ਪਾਬੰਦੀਆਂ ਦੀ ਪਰਵਾਹ ਕੀਤੇ ਬਿਨਾਂ ਵੀ ਵਪਾਰ ਜਾਰੀ ਰੱਖਾਂਗੇ। ਅਮਰੀਕਾ ਨੇ ਬੀਤੇ ਸਾਲ ਈਰਾਨ ਦੇ ਖਿਲਾਫ ਆਰਥਿਕ ਤੇ ਊਰਜਾ ਦੇ ਖੇਤਰ 'ਚ ਪਾਬੰਦੀਆਂ ਲਾਈਆਂ ਸਨ। ਇਹ ਪਾਬੰਦੀਆਂ 2015 'ਚ ਹੋਏ ਪ੍ਰਮਾਣੂ ਸਮਝੌਤੇ ਤੋਂ ਵੱਖ ਹੋਣ ਤੋਂ ਬਾਅਦ ਲਾਈਆਂ ਗਈਆਂ ਸਨ। ਅਮਰੀਕੀ ਪਾਬੰਦੀਆਂ ਦੇ ਮੱਦੇਨਜ਼ਰ ਈਰਾਨ ਨਾਲ ਬਿਨਾਂ ਡਾਲਰ ਦੀ ਵਰਤੋਂ ਕੀਤੇ ਵਪਾਰ ਜਾਰੀ ਰੱਖਣ ਲਈ ਫਰਾਂਸ, ਜਰਮਨੀ ਤੇ ਬ੍ਰਿਟੇਨ 'ਚ ਇਨਟੈਕਸ ਦਾ ਗਠਨ ਕੀਤਾ ਗਿਆ ਸੀ। ਈਰਾਨ ਦੇ ਪ੍ਰਮਾਣੂ ਸਮਝੌਤੇ ਨਾਲ ਸਬੰਧਿਤ ਸੰਯੁਕਤ ਕਮਿਸ਼ਨ ਦੀ ਬੈਠਕ ਤੋਂ ਬਾਅਦ ਇਹ ਤੰਤਰ ਪ੍ਰਭਾਵੀ ਹੋ ਗਿਆ ਤੇ ਇਸ ਨਾਲ ਜੁੜੀਆਂ ਸਹੂਲਤਾਂ ਸਾਰੇ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਲਈ ਮੁਹੱਈਆਂ ਹਨ।