MediaPunjab - ਸਿੱਖ ਕਮਿਉਨਿਟੀ ਦੇ ਪੰਜ ਨੌਜਵਾਨ ਹੱਥਾਂ ਵਿੱਚ ਨੰਗੀਆਂ ਸ਼੍ਰੀ ਸਾਹਿਬਾਂ ਫੜੀ ਵਰਲਡ ਵਾਰ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ।
MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਿੱਖ ਕਮਿਉਨਿਟੀ ਦੇ ਪੰਜ ਨੌਜਵਾਨ ਹੱਥਾਂ ਵਿੱਚ ਨੰਗੀਆਂ ਸ਼੍ਰੀ ਸਾਹਿਬਾਂ ਫੜੀ ਵਰਲਡ ਵਾਰ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ।

ਪੈਰਿਸ 18 ਸਤੰਬਰ (ਭੱਟੀ ਫਰਾਂਸ) ਪੈਰਿਸ ਤੋਂ ਮੀਡੀਆ ਪੰਜਾਬ ਨੂੰ ਮਿਲੀ ਜਾਣਕਾਰੀ ਅਨੁਸਾਰ ਫਰਾਂਸ ਅਤੇ ਇੰਗਲੈਂਡ ਨੂੰ ਸਮੁੰਦਰੀ ਰਸਤੇ ਰਾਹੀਂ ਮਿਲਾਉਣ ਵਾਲੇ ਸ਼ਹਿਰ ਕੈਲੇ ਦੇ ਨਾਲ ਲੱਗਦੇ ਇਲਾਕੇ ਵਿੱਚ  ਵਰਲਡ ਵਾਰ ਦੇ ਸ਼ਹੀਦਾਂ ਨੂੰ, ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਇੰਮਪੀਰੀਅਲ ਐਂਡ ਰਾਇਲ ਹਾਈਨੈਸਜ ਆਰਛਦੁਕ ਔਫ ਆਸਟਰੀਆ, ਹਰਟਾ ਮਾਰਗਰੇਟਾ ਲੋਥਰਿੰਜਨ ਦੇ ਸੱਦੇ ਉਪਰ, ਵੱਖੋ ਵੱਖ ਰੰਗਾਂ ਵਾਲੇ ਝੰਡੇ ਫੜੀ ਹੋਏ ਫੌਜ ਦੀਆਂ ਟੁਕੜੀਆਂ ਦੇ ਜਵਾਨਾਂ ਸਾਹਿਤ, ਬਹੁਤ ਵੱਡੀ ਗਿਣਤੀ ਵਿੱਚ ਪਬਲਿਕ ਵੀ ਪਹੁੰਚੀ ਹੋਈ ਸੀ। ਇਥੇ ਇਹ ਦੱਸਣਾ ਵਰਨਣ ਯੋਗ ਹੈ ਕਿ ਵਰਲਡ ਵਾਰ ਦੇ ਦਰਮਿਆਨ, ਕੈਲੇ ਸਾਈਡ ਤੋਂ ਲੈਕੇ ਬੈਲਜੀਅਮ ਅਤੇ ਨਵਛੱਪਲ ਤੱਕ ਸਾਰਾ ਇਲਾਕਾ ਹੀ ਫੌਜੀ ਛਾਉਣੀ ਵਿੱਚ ਤਬਦੀਲ ਹੋਇਆ ਪਿਆ ਸੀ । ਫਾਰੰਗੀਆਂ ਅਤੇ ਨਾਜੀਆਂ ਵਿਚਕਾਰ ਸਿੱਧੀ ਲੜਾਈ ਦੇ ਨਾਲ ਨਾਲ ਜਬਰਦਸਤ ਬੰਬਾਰਮੈਂਟ ਵੀ ਹੋਈ ਸੀ। ਪੁਰਤਗਾਲੀ, ਭਾਰਤੀ, ਆਸਟਰੀਅਨ ਸਮੇਤ ਕਈ ਹੋਰ ਯੂਰਪੀਅਨ ਦੇਸ਼ਾਂ  ਦੀਆਂ ਫੌਜਾਂ ਦੇ ਸਿਪਾਹੀ ਅਤੇ ਅਫਸਰ ਵੱਡੀ ਗਿਣਤੀ ਵਿੱਚ ਸ਼ਹੀਦੀਆਂ ਦਾ ਜਾਮ ਪੀ ਗਏ ਸਨ। ਇਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੂੱਲ਼ ਭੇਂਟ ਕਰਨ ਵਾਸਤੇ ਹਰ ਸਾਲ ਸਬੰਧਿਤ ਦੇਸ਼ਾਂ ਦੀਆਂ ਕਮਿਉਨਿਟੀਆਂ ਦੇ ਲੋਕ ਵੱਡੀ ਗਿਣਤੀ ਵਿੱਚ ਸਤੰਬਰ ਤੋਂ ਲੈ ਕੇ ਦਸੰਬਰ ਤੱਕ ਆਪੋ ਆਪਣੇ ਮਿਥੇ ਹੋਏ ਪ੍ਰੋਗਰਾਮਾਂ ਅਨੁਸਾਰ ਪਹੁੰਚਦੇ ਹਨ। ਇਸੇ ਕੜੀ ਦੇ ਤਹਿਤ ਬੀਤੇ ਕੱਲ ਆਸਟਰੀਆ ਦੀ ਮਹਾਰਾਣੀ ਅਤੇ ਮਹਾਰਾਜੇ ਦੇ ਸੱਦੇ ਉਪਰ ਜਿੱਥੇ ਫਰਾਂਸੀਸੀ, ਇੰਗਲੈਂਡ ਅਤੇ ਆਸਟਰੀਆ ਦੇ ਫੌਜੀ ਜਵਾਨ ਪਹੁੰਚੇ ਉਥੇ ਹੀ ਸਿੱਖ ਕਮਿਉਨਿਟੀ ਵਿੱਚੋਂ ਵੀ ਪੰਜ ਨੌਜਵਾਨ ਉਚੇਚੇ ਤੌਰ ਤੇ ਪਹੁੰਚੇ ਅਤੇ ਉਹ ਹੱਥਾਂ ਵਿੱਚ ਨੰਗੀਆਂ ਸ਼੍ਰੀ ਸਾਹਿਬਾਂ ਫੜੀ ਪ੍ਰਿੰਸਜ ਆਸਟਰੀਅਨ ਜੋੜੀ ਦੇ ਦੋਹੇਂ ਪਾਸੇ ਖੜੇ ਹੋਏ ਸਨ। ਵੱਖੋ ਵੱਖ ਰੰਗਾਂ ਵਾਲੇ ਝੰਡੇ ਹੱਥਾਂ ਵਿੱਚ ਫੜੇ ਹੋਈ ਫੌਜੀ ਜਵਾਨ ਤਰਾਂ ਤਰਾਂ ਦੀਆਂ ਧੁਨਾਂ ਵਜਾ ਕੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸਾਂ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਸਨ। ਪ੍ਰਿੰਸ ਨਾਮ ਦੇ ਪੰਜਾਬੀ ਨੌਜਵਾਨ ਨੇ ਵੀ ਦੂਸਰੀਆਂ ਕੌਮਾਂ ਦੀ ਤਰਾਂ ਹਾਜਰੀ ਲਗਵਾਉਣ ਮੌਕੇ, ਮਾਈਕ ਤੇ ਪੰਥ ਪਰਵਾਨਿਤ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਮਾਈਕ ਤੋਂ ਸੰਬੋਧਨ ਹੁੰਦੇ ਹੋਏ, ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਜਿਸਦਾ ਉਲਥਾ, ਖੋਸਲਾ ਨਾਮ ਦੇ ਭਾਰਤੀ ਵਿਅਕਤੀ ਨੇ ਫਰੈਂਚ ਭਾਸ਼ਾ ਵਿੱਚ ਕਰਕੇ ਫਰਾਂਸੀਸੀ ਲੋਕਾਂ ਨੂੰ ਸਮਝਾਇਆ ਕਿ ਇਹ ਸਾਰੇ ਹੀ ਪੰਜਾਬੀ ਨੌਜਵਾਨ, ਤੁਹਾਡੇ ਸਾਰਿਆਂ ਵਾਂਗ ਹੀ ਸ਼ਰਧਾ ਦੇ ਫੁੱਲ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ ਹਨ। ਫਰੈਂਚ ਮੀਡੀਏ ਨੇ ਵੀ ਪੰਜਾਬੀ ਕਲਚਰ ਨੂੰ ਸਮਝਦੇ ਹੋਏ ਪੰਜਾਬੀਆਂ ਦੀ ਕਵਰੇਜ ਕੀਤੀ। ਆਸਟਰੀਅਨ ਮਹਾਰਾਣੀ ਨੇ ਵੀ ਪੰਜਾਬੀ ਨੌਜਵਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਵੇਂ ਤੁਸੀਂ ਸਾਡੇ ਸੱਦੇ ਤੇ ਆਸਟਰੀਅਨ ਫੌਜੀਆਂ ਦੇ ਸਮਾਰਕਾਂ ਤੇ ਹਾਜਰੀ ਲਗਵਾਉਣ ਲਈ ਪਹੁੰਚੇ ਹੋ, ਇਸੇ ਤਰਾਂ ਜਦੋਂ ਤੁਸੀਂ ਵੀ ਮੈਂਨੂੰ ਬੁਲਾਉਗੇ ਤਾਂ ਮੈਂ ਵੀ ਪੂਰੀ ਸ਼ਰਧਾ ਸਾਹਿਤ ਭਾਰਤੀ ਸਿਪਾਹੀਆਂ ਨੂੰ ਸਲਾਮ ਕਰਨ ਵਾਸਤੇ ਜਰੂਰ ਪਹੁੰਚਾਂਗੀ।