MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬੁਖਲਾਏ ਪਾਕਿਸਤਾਨ ਦੀਆਂ ਧਮਕੀਆਂ ਵਿਚਾਲੇ ਆਰਮੀ ਚੀਫ਼ ਨੇ ਪਾਕਿ ਨੂੰ ਦਿੱਤੀ ਚਿਤਾਵਨੀ- 'ਅਸੀਂ ਪੂਰੀ ਤਰ੍ਹਾਂ ਹਾਂ ਤਿਆਰ'

ਨਵੀਂ ਦਿੱਲੀ  13 ਅਗਸਤ (ਮਪ) ਭਾਰਤ ਵੱਲੋਂ ਕਸ਼ਮੀਰ 'ਤੇ ਕੀਤੇ ਗਏ ਵੱਡੇ ਫ਼ੈਸਲੇ ਤੋਂ ਬਾਅਦ ਪਾਕਿਸਤਾਨ ਬੁਖਲਾ ਗਿਆ ਹੈ। ਉਸ ਨੇ ਸਰਹੱਦ 'ਤੇ ਫ਼ੌਜ ਦੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ਲੱਦਾਖ ਨਾਲ ਲਗਦੇ ਸਕਰਦੂ ਏਅਰਬੇਸ 'ਚ ਪਾਕਿ ਵੱਲੋਂ ਲੜਾਕੂ ਜਹਾਜ਼ ਤਾਇਨਾਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉੱਥੇ ਹੀ ਐੱਲਓਸੀ 'ਤੇ ਵੀ ਪਾਕਿ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ 'ਚ ਹੈ। ਇਸ ਦੌਰਾਨ ਭਾਰਤੀ ਫ਼ੌਜ ਦੇ ਪ੍ਰਮੁੱਖ ਬਿਪਿਨ ਰਾਵਤ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਰਮੀ ਚੀਫ਼ ਨੇ ਕਿਹਾ, 'ਜੇਕਰ ਪਾਕਿਸਤਾਨ ਐੱਲਓਸੀ ਐਕਟਿਵ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਮਰਜ਼ੀ ਹੈ। ਹਰ ਕੋਈ ਤਿਆਰ ਹੈ। ਅਸੀਂ ਇਸ ਗੱਲ ਦੀ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਜਿੱਥੋਂ ਤਕ ਹੋਰ ਸੇਵਾਵਾਂ ਦੀ ਗੱਲ ਹੈ, ਅਸੀਂ ਹਮੇਸ਼ਾਂ ਤੋਂ ਤਿਆਰ ਰਹੇ ਹਾਂ।
ਆਰਮੀ ਚੀਫ਼ ਨੇ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਉੱਥੇ ਦੇ ਮਾਹੌਲ ਨੂੰ ਲੈ ਕੇ ਕਿਹਾ, 'ਕਸ਼ਮੀਰੀਆਂ ਨਾਲ ਫ਼ੌਜ ਦੇ 70-90 ਦੇ ਦਹਾਕੇ 'ਚ ਜਿਹੋ ਜਿਹੇ ਸਬੰਧ ਸਨ, ਅਸੀਂ ਦੁਬਾਰਾ ਉਸੇ ਤਰ੍ਹਾਂ ਦੇ ਸਬੰਧ ਚਾਹੁੰਦੇ ਹਾਂ। ਅਸੀਂ ਬਿਨਾਂ ਬੰਦੂਕਾਂ ਤੋਂ ਤਾਇਨਾਤ ਸੀ, ਉਨ੍ਹਾਂ ਨੂੰ ਮਿਲਦੇ ਸਨ ਤੇ ਸਭ ਕੁਝ ਚੰਗਾ ਚੱਲ ਰਿਹਾ ਸੀ। ਅਸੀਂ ਦੁਬਾਰਾ ਬੰਦੂਕ ਤੋਂ ਬਿਨਾਂ ਮੁਲਾਕਾਤ ਕਰਾਂਗੇ। ਜੰਮੂ ਕਸ਼ਮੀਰ ਮੁੱਦੇ 'ਚ ਭਾਰਤ ਤੋਂ ਮੂੰਹ ਦੀ ਖਾਣ ਤੋਂ ਬਾਅਦ ਪਾਕਿਸਤਾਨ ਨੂੰ ਕੌਮਾਂਤਰੀ ਭਾਈਚਾਰੇ ਤੋਂ ਵੀ ਮਦਦ ਨਹੀਂ ਮਿਲੀ ਹੈ। ਇਸ ਨਾਲ ਬੁਖਲਾਇਆ ਪਾਕਿਸਤਾਨ ਹੁਣ ਯੁੱਧ ਦੀ ਚਿਤਾਵਨੀ ਦੇਣ 'ਤੇ ਉਤਾਰੂ ਹੈ। ਇਸ ਦੌਰਾਨ ਭਾਰਤ ਨੇ ਵੀ ਆਪਣੀ ਫ਼ੌਜ ਤਿਆਰੀਆਂ ਪੁਖ਼ਤਾ ਹੋਣ ਦੇ ਸੰਕੇਤ ਦਿੱਤੇ ਹਨ।