MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਾਕਿ ਮੰਤਰੀ ਨੇ ਪੰਜਾਬੀ ਫੌਜੀਆਂ ਨੂੰ ਉਕਸਾਇਆ, ਕਿਹਾ ਛੱਡ ਦਿਓ ਇੰਡੀਅਨ ਆਰਮੀ

ਇਸਲਾਮਾਬਾਦ  13 ਅਗਸਤ (ਮਪ)  ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਕਈ ਵਾਰ ਆਪਣੇ ਬਿਆਨ ਕਾਰਨ ਮਖੌਲ ਦੇ ਪਾਤਰ ਬਣੇ ਹਨ ਅਤੇ ਉਨ੍ਹਾਂ ਨੂੰ ਕਈ ਵਾਰ ਸੋਸ਼ਲ ਮੀਡੀਆ 'ਤੇ ਵੀ ਟ੍ਰੋਲ ਕੀਤਾ ਗਿਆ। ਭਾਰਤ ਸਰਕਾਰ ਵਲੋਂ ਧਾਰਾ 370 ਦੇ ਫੈਸਲੇ ਤੋਂ ਬਾਅਦ ਬੌਖਲਾਇਆ ਪਾਕਿਸਤਾਨ ਭਾਰਤ ਖਿਲਾਫ ਲਗਾਤਾਰ ਜ਼ਹਿਰ ਉਗਲ ਰਿਹਾ ਹੈ। ਇਸ ਦੌਰਾਨ ਹੁਣ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਵਿਚ ਵਿਗਿਆਨ ਅਤੇ ਤਕਨੀਕ ਮੰਤਰੀ ਫਵਾਦ ਚੌਧਰੀ ਦਾ ਭਾਰਤ ਦੇ ਪੰਜਾਬੀ ਜਵਾਨਾਂ ਨੂੰ ਉਕਸਾਉਣ ਵਾਲਾ ਅਜੀਬ ਬਿਆਨ ਸਾਹਮਣੇ ਆਇਆ ਹੈ। ਫਵਾਦ ਚੌਧਰੀ ਨੇ ਆਪਣੇ ਟਵਿੱਟਰ 'ਤੇ ਲਿਖਿਆ ਕਿ ਮੈਂ ਭਾਰਤੀ ਫੌਜ ਵਿਚ ਸਾਰੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਸ਼ਮੀਰੀ ਲੋਕਾਂ 'ਤੇ ਭਾਰਤ ਸਰਕਾਰ ਦੇ ਜ਼ੁਲਮ ਖਿਲਾਫ ਆਪਣੀ ਫੌਜ ਦੀ ਡਿਊਟੀ ਕਰਨ ਤੋਂ ਮਨਾਂ ਕਰ ਦੇਣ। ਫਵਾਦ ਚੌਧਰੀ ਦੇ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਦੇਸ਼ ਦੇ ਵਿਰੋਧੀ ਧਿਰ ਦੇ ਸਾਹਮਣੇ ਗਿੜਗਿੜਾਉਂਦੇ ਹੋਏ ਕਸ਼ਮੀਰ 'ਤੇ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਕਸ਼ਣੀਰ ਦਾ ਮੁੱਦਾ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਲਿਜਾਉਣ ਦਾ ਫੈਸਲਾ ਕੀਤਾ ਹੈ ਅਤੇ ਚੀਨ ਨੇ ਇਸ ਮਕਸਦ ਲਈ ਪੂਰੀ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਕਸ਼ਮੀਰੀਆਂ ਦੇ ਨਾਲ ਇਕਜੁੱਟਤਾ ਦਿਖਾਉਣ ਲਈ ਈਦ ਉਲ ਅਜਹਾ ਮੁਜ਼ੱਫਰਾਬਾਦ ਵਿਚ ਮਨਾਇਆ। ਕੁਰੈਸ਼ੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਸਥਿਤ ਮੁਜ਼ੱਫਰਾਵਾਦ ਵਿਚ ਮੀਡੀਆ ਨੂੰ ਸੰਬੋਧਿਤ ਕਰ ਰਹੇ ਸਨ, ਜਿਥੇ ਉਨ੍ਹਾਂ ਨੇ ਈਦ ਉਲ ਅਜਹਾ ਮਨਾਇਆ ਅਤੇ ਇਕ ਸ਼ਰਨਾਰਥੀ ਕੈਂਪ ਵੀ ਗਏ।
ਉਨ੍ਹਾਂ ਨੇ ਕਿਹਾ ਕਿ ਪੂਰਾ ਪਾਕਿਸਤਾਨ ਦੇਸ਼ ਅਤੇ ਰਾਜਨੀਤਕ ਅਗਵਾਈ ਵਾਲੇ ਕਸ਼ਮੀਰ ਦੇ ਮੁੱਦੇ 'ਤੇ ਇਕਜੁੱਟ ਹੈ ਅਤੇ ਕਸ਼ਮੀਰੀਆਂ ਦੀ ਹਮਾਇਤ ਵਿਚ 14 ਅਗਸਤ ਨੂੰ ਇਕ ਆਵਾਜ਼ ਉਠੇਗੀ। ਭਾਰਤ ਵਲੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਦੇ ਜ਼ਿਆਦਾਤਰ ਵਿਵਸਥਾਵਾਂ ਨੂੰ ਖਤਮ ਕਰਨ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਸੂਬਿਆਂ ਵਿਚ ਵੰਡਣ ਤੋਂ ਬਾਅਦ ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਹ 14 ਅਗਸਤ ਨੂੰ ਕਸ਼ਮੀਰ ਇਕਜੁੱਟਤਾ ਦਿਵਸ ਅਤੇ 15 ਅਗਸਤ ਨੂੰ ਕਾਲਾ ਦਿਨ ਦੇ ਤੌਰ 'ਤੇ ਮਨਾਏਗਾ।