MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰੱਖਿਆ ਮੰਤਰੀ ਰਾਜਨਾਥ ਸਿੰਘ ਬੋਲੇ - ਪਾਕਿਸਤਾਨ ਨਾਲ ਹੁਣ ਸਿਰਫ਼ ਮਕਬੂਜ਼ਾ ਕਸ਼ਮੀਰ 'ਤੇ ਗੱਲਬਾਤ ਹੋਵੇਗੀ

ਕਾਲਕਾ  18 ਅਗਸਤ 2019  (ਮਪ) ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਭਾਰਤ ਵਲੋਂ ਸਰਜੀਕਲ ਸਟ੍ਰਾਈਕ ਸਬੰਧੀ ਸਵਾਲ ਉਠਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਉਨ੍ਹਾਂ ਕਿਹਾ, 'ਪਾਕਿਸਤਾਨ ਨੇ ਵੀ ਕੁਝ ਦਿਨ ਮੰਨਿਆ ਕਿ ਭਾਰਤ ਨੇ ਬਾਲਾਕੋਟ 'ਚ ਵੱਡੀ ਸਰਜੀਕਲ ਸਟ੍ਰਾਈਕ ਕੀਤੀ ਸੀ ਅਤੇ ਉਸ ਨੂੰ ਸਬਕ ਸਿਖਾਇਆ। ਕੁਝ ਦਿਨ ਪਹਿਲਾਂ ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ ਬਾਲਾਕੋਟ ਤੋਂ ਵੱਡਾ ਕਦਮ ਉਠਾਉਣ ਦੀ ਯੋਜਨਾ ਬਣਾ ਰਿਹਾ ਹੈ, ਇਸ ਦਾ ਮਤਲਬ ਹੈ ਕਿ ਪਾਕਿ ਪੀਐੱਮ ਨੇ ਸਵੀਕਾਰ ਕੀਤਾ ਕਿ ਭਾਰਤ ਨੇ ਬਾਲਾਕੋਟ 'ਚ ਕੀ ਕੀਤਾ। ਗੁਆਂਢੀ ਮੁਲਕ ਬੇਹੱਦ ਡਰਿਆ ਹੋਇਆ ਹੈ, ਹੁਣ ਪਾਕਿਸਤਾਨ ਨਾਲ ਸਿਰਫ਼ ਮਕਬੂਜ਼ਾ ਕਸ਼ਮੀਰ 'ਤੇ ਗੱਲਬਾਤ ਹੋਵੇਗੀ। ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਹਾਲੇ ਵੀ ਸਰਜੀਕਲ ਸਟ੍ਰਾਈਕ ਵਰਗੀ ਕਾਰਵਾਈ ਦਾ ਡਰ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਵਿਕਾਸ ਲਈ ਉੱਥੇ ਧਾਰਾ 370 ਨੂੰ ਖ਼ਤਮ ਕੀਤੀ ਗਈ ਹੈ ਜਿਸ ਤੋਂ ਪਾਕਿਸਤਾਨ ਘਬਰਾਇਆ ਹੋਇਆ ਹੈ। ਉਹ ਦੂਸਰੇ ਦੇਸ਼ਾਂ ਦੇ ਦਰਵਾਜ਼ੇ ਖੜਕਾ ਰਿਹਾ ਹੈ ਪਰ ਪੂਰੇ ਵਿਸ਼ਵ 'ਚ ਉਸ ਨੂੰ ਕਿਤਿਓਂ ਵੀ ਸਮਰਥਨ ਨਹੀਂ ਮਿਲ ਰਿਹਾ। ਕਿਸੇ ਨੇ ਵੀ ਨਹੀਂ ਕਿਹਾ ਕਿ ਭਾਰਤ ਨੇ ਗ਼ਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨ ਨਾਲ ਉਦੋਂ ਹੀ ਗੱਲਬਾਤ ਹੋਵੇਗੀ ਜਦੋਂ ਉਹ ਅੱਤਵਾਦ ਦਾ ਸਮਰਥਨ ਕਰਨਾ ਬੰਦ ਕਰੇਗਾ। ਹੁਣ ਪਾਕਿਸਤਾਨ ਨਾਲ ਗੱਲਬਾਤ ਹੋਵੇਗੀ ਤਾਂ ਸਿਰਫ਼ ਮਕਬੂਜ਼ਾ ਕਸ਼ਮੀਰ 'ਤੇ। ਅਖੀਰ 'ਚ ਰਾਜਨਾਥ ਸਿੰਘ ਨੇ ਮਨੋਹਰ ਲਾਲ ਖੱਟੜ ਨੂੰ ਸਟੇਜ 'ਤੇ ਬੁਲਾ ਕੇ ਲੋਕਾਂ ਨੂੰ ਆਸ਼ੀਰਵਾਦ ਦੇਣ ਲਈ ਕਿਹਾ, ਮਨੋਹਰ ਲਾਲ ਨੇ ਹੱਥ ਜੋੜ ਕੇ ਸਾਰਿਆਂ ਤੋਂ ਆਸ਼ੀਰਵਾਦ ਮੰਗਿਆ ਅਤੇ ਲੋਕਾਂ ਨੇ ਹੱਥ ਹਿਲਾ ਕੇ ਆਸ਼ੀਰਵਾਦ ਦਿੱਤਾ।