MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਹਾਈ ਵੋਲਟੇਜ ਨਾਟਕ ਦੌਰਾਨ ਹਿਰਾਸਤ 'ਚ ਪੀ ਚਿਦੰਬਰਮ

ਨਵੀਂ ਦਿੱਲੀ 21 ਅਗਸਤ (ਮਪ) ਆਈਐਨਐਕਸ ਮੀਡੀਆ ਕੇਸ 'ਚ ਪੇਸ਼ਗੀ ਜ਼ਮਾਨਤ ਪਟੀਸ਼ਨ ਰੱਦ ਹੋਣ ਦੇ ਲਗਭਗ 29 ਘੰਟੇ ਬਾਅਦ ਕਾਂਗਰਸ ਆਗੂ ਪੀ. ਚਿਦੰਬਰਮ ਨੂੰ ਸੀਬੀਆਈ ਨੇ ਰਾਤ 9.45 ਵਜੇ ਹਿਰਾਸਤ 'ਚ ਲੈ ਲਿਆ। ਇਸ ਤੋਂ ਪਹਿਲਾਂ ਚਿਦੰਬਰਮ ਪਟੀਸ਼ਨ ਰੱਦ ਹੋਣ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਮੁੱਖ ਦਫ਼ਤਰ 'ਚ ਨਜ਼ਰ ਆਏ। ਇਥੇ ਕਪਿਲ ਸਿੱਬਲ, ਅਭਿਸ਼ੇਕ ਮਨੂ ਸਿੰਘਵੀ ਸਮੇਤ ਕਈ ਵੱਡੇ ਆਗੂ ਮੌਜੂਦ ਸਨ। ਚਿਦੰਬਰਮ ਨੇ ਕਿਹਾ ਕਿ ਆਈਐਨਐਕਸ ਮਾਮਲੇ 'ਚ ਉਨ੍ਹਾਂ ਵਿਰੁਧ ਕੋਈ ਦੋਸ਼ ਨਹੀਂ ਹੈ। ਸੀਬੀਆਈ ਅਤੇ ਈਡੀ ਨੇ ਉਨ੍ਹਾਂ ਵਿਰੁਧ ਕੋਈ ਚਾਰਜਸ਼ੀਟ ਵੀ ਦਾਖ਼ਲ ਨਹੀਂ ਕੀਤੀ। ਇਸ ਤੋਂ ਬਾਅਦ ਚਿਦੰਬਰਮ ਕਾਂਗਰਸ ਮੁੱਖ ਦਫ਼ਤਰ ਤੋਂ ਰਵਾਨਾ ਹੋ ਗਏ। ਸੀਬੀਆਈ, ਈਡੀ ਅਤੇ ਦਿੱਲੀ ਪੁਲਿਸ ਦੀ ਟੀਮ ਜੋਰਬਾਗ ਸਥਿਤ ਘਰ 'ਚ ਪੁੱਜੀ। ਟੀਮ ਜਦੋਂ ਜੋਰਬਾਗ ਪਹੁੰਚੀ ਤਾਂ ਉਥੇ ਸੀ.ਬੀ.ਆਈ. ਅਧਿਕਾਰੀਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਸ ਤੋਂ ਬਾਅਦ ਸੀ.ਬੀ.ਆਈ. ਦੀ ਟੀਮ ਚਿਦੰਬਰਮ ਦੇ ਘਰ ਦੀ ਕੰਧ ਟੱਪ ਕੇ ਘਰ ਅੰਦਰ ਪਹੁੰਚੀ। ਇਸ ਦੌਰਾਨ ਚਿਦੰਬਰਮ ਦੇ ਘਰ ਦੇ ਬਾਹਰ ਵੱਡੀ ਗਿਣਤੀ 'ਚ ਇਕੱਠੇ ਹੋਏ ਕਾਂਗਰਸੀ ਵਰਕਰ ਪੁਲਿਸ ਅਤੇ ਸੀ.ਬੀ.ਆਈ. ਦੇ ਅਧਿਕਾਰੀਆਂ ਨਾਲ ਹੱਥੋਪਾਈ ਵੀ ਹੋਏ। ਇਸ ਦੌਰਾਨ ਕੀਰਤੀ ਚਿਦੰਬਰਮ ਨੇ ਕਿਹਾ ਕਿ ਏਜੰਸੀਆਂ ਨੇ ਇਸ ਪੂਰੇ ਮਾਮਲੇ 'ਚ ਡਰਾਮੇਬਾਜ਼ੀ ਅਤੇ ਸਨਸਨੀ ਮਚਾਉਣ ਦੀ ਕੋਸ਼ਿਸ਼ ਸਿਰਫ਼ ਕੁਝ ਲੋਕਾਂ ਨੂੰ ਖ਼ੁਸ਼ੀ ਦੇਣ ਲਈ ਕੀਤੀ ਹੈ।
ਦਰਅਸਲ 305 ਕਰੋੜ ਦੇ INX ਸੌਦੇ ‘ਚ ਚਿਦੰਬਰਮ ‘ਤੇ 20 ਫੀਸਦ ਰਿਸ਼ਵਤ ਲੈਣ ਦਾ ਇਲਜ਼ਾਮ ਹਨ। ਇਹ ਹੀ ਨਹੀਂ ਚਿਦਾਂਬਰਮ ਦੇ ਬੇਟੇ ਕਾਰਤੀ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੋ ਫਿਲਹਾਲ ਜ਼ਮਾਨਤ ‘ਤੇ ਹੈ। ਦੱਸ ਦੇਈਏ ਕਿ ਇਸ ਮਾਮਲੇ ਨੂੰ ਅਹਿਮ ਮੋੜ ਦੇਣ ਵਾਲੀ ਇੰਦਰਾਣੀ ਮੁਖਰਜੀ ਹੈ ਜਿਸ ਨੇ 4 ਜੁਲਾਈ ਨੂੰ ਸਰਕਾਰੀ ਗਵਾ ਬਣਕੇ ਇਸ ਮਾਮਲੇ ‘ਤੇ ਗਵਾਹੀ ਭਰੀ ਕਿ ਉਸ ਨੇ ਕਾਰਤੀ ਚਿਦਾਂਬਰਮ ਨੂੰ 10 ਲੱਖ ਰੁਪਏ ਦਿੱਤੇ ਸਨ। ਸੂਤਰਾਂ ਅਨੁਸਾਰ ਇਕ ਫ਼ੀਸਦੀ ਰਿਸ਼ਵਤ ਲੈਣ ਦਾ ਸਬੂਤ ਜਾਂਚ ਏਜੰਸੀਆਂ ਕੋਲ ਮੌਜੂਦ ਹੈ।