MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅਮਰੀਕੀ ਰਾਸ਼ਟਰਪਤੀ ਨੇ ਕਿਹਾ- ਘੱਟ ਹੋਇਆ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ

ਵਾਸ਼ਿੰਗਟਨ, 10 ਸਤੰਬਰ (ਮਪ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਸਬੰਧੀ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਦੋ ਹਫ਼ਤੇ ਪਹਿਲਾਂ ਦੇ ਮੁਕਬਾਲੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਤਣਾਅ ਘੱਟ ਹੋਇਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਦੋਵੇਂ ਦੇਸ਼ ਕਹਿਣ ਤਾਂ ਉਹ ਮਦਦ ਲਈ ਤਿਆਰ ਹਨ। ਟਰੰਪ ਦਾ ਇਹ ਬਿਆਨ ਪਿਛਲੇ ਮਹੀਨੇ ਜੀ-7 ਬੈਠਕ ਦੌਰਾਨ ਪੀਐੱਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਆਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਤੁਸੀਂ ਜਾਣਦੇ ਹੋ ਕਸ਼ਮੀਰ ਸਬੰਧੀ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਹੈ। ਮੈਨੂੰ ਲਗਦਾ ਹੈ ਕਿ ਦੋ ਹਫ਼ਤੇ ਪਹਿਲਾਂ ਦੇ ਮੁਕਾਬਲੇ ਹੁਣ ਦੋਵਾਂ ਦੇਸ਼ਾਂ 'ਚ ਵਿਚਾਲੇ ਤਣਾਅ ਘੱਟ ਹੋਇਆ ਹੈ।
ਜ਼ਿਕਰਯੋਗ ਹੈ ਕਿ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਲਖ਼ੀ ਵੱਧ ਗਈ ਸੀ। ਟਰੰਪ ਨੇ ਇਕ ਸਵਾਲ ਦੇ ਜਵਾਬ ਦਿੰਦੇ ਹੋਏ ਕਿਹਾ ਜੇਕਰ ਦੋਵੇਂ ਦੇਸ਼ ਚਾਹੁਣ ਤਾਂ ਉਹ ਮਦਦ ਲਈ ਤਿਆਰ ਹਨ। ਦੱਸਣਾ ਬਣਦਾ ਹੈ ਕਿ ਜੁਲਾਈ 'ਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਮਰੀਕਾ ਗਏ ਸਨ। ਇਸ ਦੌਰਾਨ ਇਮਰਾਨ ਨਾਲ ਮੁਲਾਕਾਤ ਦੌਰਾਨ ਟਰੰਪ ਨੇ ਕਸ਼ਮੀਰ ਮੁੱਦੇ 'ਤੇ ਦੋਵਾਂ ਦੇਸ਼ਾਂ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਭਾਰਤ ਨੇ ਤੁਰੰਤ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਭਾਰਤ ਨੇ ਕਿਹਾ ਕਿ ਕਸ਼ਮੀਰ ਭਾਰਤ ਤੇ ਪਾਕਿਤਸਾਨ ਦਾ ਦੁਵੱਲਾ ਮੁੱਦਾ ਹੈ। ਇਸ ਦੌਰਾਨ ਟਰੰਪ ਨੇ ਦਾਅਵਾ ਕੀਤਾ ਸੀ ਕਿ ਪੀਐੱਮ ਮੋਦੀ ਨੇ ਉਨ੍ਹਾਂ ਨੂੰ ਇਸ ਮੁੱਦੇ 'ਤੇ ਵਿਚੋਲਗੀ ਲਈ ਕਿਹਾ ਸੀ। ਟਰੰਪ ਦੇ ਇਸ ਦਾਅਵੇ ਨੂੰ ਭਾਰਤ ਸਰਕਾਰ ਨੇ ਗ਼ਲਤ ਦੱਸਿਆ ਸੀ। ਵਿਦੇਸ਼ ਮੰਤਰਾਲੇ ਨੇ ਟਰੰਪ ਦੇ ਇਸ ਬਿਆਨ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਪੀਐੱਮ ਮੋਦੀ ਤੇ ਟਰੰਪ ਦੀ 26 ਅਗਸਤ ਨੂੰ ਫ਼ਰਾਂਸ 'ਚ ਜੀ-7 ਬੈਠਕ ਦੌਰਾਨ ਮੁਲਾਕਾਤ ਹੋਈ। ਇਸ ਦੌਰਾਨ ਟਰੰਪ ਨੇ ਕਸ਼ਮੀਰ ਨੂੰ ਭਾਰਤ ਤੇ ਪਾਕਿਸਤਾਨ ਦਾ ਦੁਵੱਲਾ ਮੁੱਦਾ ਦੱਸਿਆ ਤੇ ਕਿਹਾ ਕਿ ਇਸ ਨੂੰ ਦੋਵਾਂ ਦੇਸ਼ਾਂ ਨੂੰ ਮਿਲ ਕੇ ਹੱਲ ਕਰਨਾ ਚਾਹੀਦਾ ਹੈ।