MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਵਿਧਾਨ ਸਭਾ ਇਜਲਾਸ : “ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਰੁਲ ਰਹੀ ਹੈ, ਪੰਜਾਬੀ ਗੀਤਾਂ ਵਿੱਚ ਔਰਤਾਂ ਦਾ ਨਿਰਾਦਰ ਹੋ ਰਿਹਾ - ਡਾ. ਮਨਮੋਹਨ ਸਿੰਘ

ਚੰਡੀਗੜ੍ਹ, 6 ਨਵੰਬਰ (ਮਪ) ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਪੰਜਾਬ ਵਿਧਾਨ ਸਭਾ ਦੇ ਖ਼ਾਸ ਇਜਲਾਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬੀ ਗੀਤਾਂ ਵਿੱਚ ਔਰਤਾਂ ਦਾ ਨਿਰਾਦਰ ਹੋ ਰਿਹਾ ਹੈ।
ਇਸ ਖ਼ਾਸ ਇਜਲਾਸ ਵਿੱਚ ਉੱਪ-ਰਾਸ਼ਟਰਪਤੀ ਵੈਂਕਈਆ ਨਾਇਡੂ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਦੋਵੇਂ ਸੂਬਿਆਂ ਦੇ ਰਾਜਪਾਲ ਤੇ ਵਿਧਾਇਕ ਮੌਜੂਦ ਹਨ।
ਵਿਧਾਨ ਸਭਾ ਨੂੰ ਸੰਬੋਧਿਤ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ, “ਅਜੋਕਾ ਵਿਸ਼ਵ ਇੱਕ ਸੁਲਝੇ ਹੋਏ ਮਾਡਲ ਦੀ ਤਲਾਸ਼ ਵਿੱਚ ਹੈ। ਕੀ ਅਸੀਂ ਕਰਤਾਰਪੁਰ ਸਾਹਿਬ ਦੇ ਮਾਡਲ ਨੂੰ ਇੱਕ ਬਦਲ ਵਜੋਂ ਪੇਸ਼ ਕਰ ਸਕਦੇ ਹਾਂ?”
“ਗੁਰੂ ਨਾਨਕ ਨੇ ਦੱਸਿਆ ਕਿ ਧਰਮ ਦੇ ਨਾਂ ਤੇ ਪਰਜੀਵਤਾ ਪਾਪ ਹੈ। ਉਨ੍ਹਾਂ ਨੇ ਆਪਣੇ ਲੋਕਾਂ ਨੂੰ ਦਲੇਰ ਬਣਾਇਆ। ਉਨ੍ਹਾਂ ਨੇ ਆਪਣੇ ਸਮੇਂ ਦੇ ਸਭ ਤੋਂ ਸ਼ਕਤੀਸ਼ਾਲੀ ਹਾਕਮਾਂ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ।”
ਡਾ. ਮਨਮੋਹਨ ਸਿੰਘ ਨੇ ਕਿਹਾ, “ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਰੁਲ ਰਹੀ ਹੈ। ਪੰਜਾਬੀ ਗੀਤਾਂ ਵਿੱਚ ਔਰਤਾਂ ਦਾ ਨਿਰਾਦਰ ਹੋ ਰਿਹਾ ਹੈ। ਅਜਿਹੇ ਵਿੱਚ ਅਸੀਂ ਗੁਰੂ ਨਾਨਕ ਦੀ ਵਿਰਾਸਤ ਨਾਲ ਕਿਵੇਂ ਜੁੜੇ ਰਹਾਂਗੇ?”
ਉਨ੍ਹਾਂ ਨੇ ਅੱਗੇ ਕਿਹਾ, “ਕਰਤਾਰਪੁਰ ਵਿਖੇ ਗੁਰੂ ਨਾਨਕ ਨੇ ਧਾਰਿਮਕ ਰਵਾਂਦਾਰੀ ਦਾ ਅਜਿਹਾ ਨਮੂਨਾ ਪੇਸ਼ ਕੀਤਾ ਸੀ ਕਿ ਸਾਰਿਆਂ ਨੂੰ ਗੁਰੂ ਆਪਣੇ ਹੀ ਧਰਮ ਦਾ ਲਗਦਾ ਸੀ।”
“ਗੁਰੂ ਨਾਨਕ ਇੱਕ ਸੱਚੇ ਤੇ ਸੁੱਚੇ ਇਨਸਾਨ ਦੀ ਤਲਾਸ਼ ਵਿੱਚ ਸਨ ਜਿਸ ਨੂੰ ਇੱਕ ਧਰਮ ਦੀ ਪਹਿਚਾਣ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ।”
“ਗੁਰੂ ਨਾਨਕ ਸਿਰਫ਼ ਦੈਵੀ ਸੱਚ ਦੀ ਤਲਾਸ਼ ਵਿੱਚ ਨਹੀਂ ਸਨ ਸਗੋਂ ਉਹ ਇੱਕ ਅਜਿਹੇ ਸੱਚ ਦੀ ਤਲਾਸ਼ ਵਿੱਚ ਸਨ ਜਿਸ ਨੂੰ ਸੱਚੇ ਆਚਰਣ ਦਾ ਆਧਾਰ ਬਣਾਇਆ ਜਾ ਸਕੇ।”
ਡਾ. ਮਨਮੋਹਨ ਸਿੰਘ ਨੇ ਉਰਦੂ ਤੇ ਫਾਰਸੀ ਦੇ ਮਸ਼ਹੂਰ ਸ਼ਾਇਰ ਇਕਬਾਲ ਦੀਆਂ ਲਾਈਨਾਂ ਬੋਲਦੇ ਕਿਹਾ:-
‘ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ
ਰਦੇ ਕਾਮਿਲ ਨੇ ਜਗਾਇਆ ਹਿੰਦ ਕੋ ਫਿਰ ਖੁਆਬਸੇ’
‘ਮੈਂ ਆਸ਼ਾ ਕਰਦਾਂ ਹਾਂ ਇਹ ਸ਼ਾਂਤੀ ਤੇ ਖ਼ੁਸ਼ਹਾਲੀ ਦਾ ਲਾਂਘਾ ਹੋਵੇ’